← ਪਿਛੇ ਪਰਤੋ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧ ਲਈ ਪਾਕਿਸਤਾਨ ਨੇ ਬਣਾਈ ਨਵੀਂ ਬਾਡੀ , ਭਾਰਤ 'ਚ ਸਿੱਖ ਅਦਾਰਿਆਂ ਨੇ ਕੀਤੇ ਤਿੱਖੇ ਹਮਲੇ ਕਰਤਾਰਪੁਰ ਸਾਹਿਬ, 5 ਨਵੰਬਰ, 2020 : ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਪਰਭਾਂ ਲਈ ਇੱਕ ਨਵੀਂ 9 ਮੈਂਬਰੀ ਬਾਡੀ ਦਾ ਐਲਾਨ ਕੀਤਾ ਗਿਆ ਹੈ. 9 ਮੈਂਬਰੀ ਇਸ ਬਾਡੀ ਨੂੰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ ਐਮ ਯੂ) ਦਾ ਨਾ ਦਿੱਤਾ ਗਿਆ ਹੈ . ਇਹ ਹੁਕਮ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਜਾਰੀ ਕੀਤੇ ਗਏ ਹਨ। ਹੁਕਮਾਂ ਮੁਤਾਬਕ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਇਹ ਪੀ ਐਮ ਯੂ ਬਣਾਇਆ ਹੈ ਜੋ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ ਰਖਾਅ ਵੇਖੇਗਾ। ਹੁਕਮ ਮੁਤਾਬਕ ਵਜ਼ਾਰਤੀ ਆਰਥਿਕ ਤਾਲਮੇਲ ਕਮੇਟੀ ਨੇ ਇਸ ਪੀ ਐਮ ਯੂ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹ ਸੈੱਲਫ਼ -ਫਾਈਨੈਂਸ ਬਾਡੀ ਹੋਵੇਗੀ। ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਦੇ ਐਡੀਸ਼ਨਲ ਸਕੱਤਰ ਤਾਰਿਕ ਖ਼ਾਨ ਨੂੰ ਸੀ ਈ ਓ ਨਿਯੁਕਤ ਕੀਤਾ ਗਿਆ ਹੈ ਤੇ ਇਸ ਵਿਚ 8 ਹੋਰ ਮੁਸਲਿਮ ਮੈਂਬਰ ਸ਼ਾਮਲ ਕੀਤੇ ਗਏ ਹਨ ਜੋ ਸਾਰੇ ਈ ਟੀ ਬੀ ਪੀ ਦੇ ਅਧਿਕਾਰੀ ਹਨ। ਪਾਕਿਸਤਾਨ ਸਰਕਾਰ ਦੇ ਇਸ ਨਿਰਨੇ ਦੀ ਭਾਰਤ ਦੇ ਸਿੱਖ ਅਦਾਰਿਆਂ ਨੇ ਤਿੱਖੀ ਨੁਕਤਾਚੀਨੀ ਕੀਤੀ ਹੈ ਅਤੇ ਇਸ ਨੂੰ ਸਿੱਖਾਂ ਨਾਲ ਵਿਤਕਰਾ ਕਰਾਰ ਦਿੱਤਾ ਹੈ . ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਏ ਹਨ ਕਿ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲੋਂ ਖੋਹ ਲਿਆ ਗਿਆ ਹੈ . ਉਨ੍ਹਾਂ ਇਸ ਨਿਰਨੇ ਨੂੰ ਵਾਪਸ ਲਏ ਜਾਣ ਤੇ ਜ਼ੋਰ ਦਿੱਤਾ ਹੈ . ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ .
Total Responses : 265