ਅਮਰਿੰਦਰ ਨੇ ਕਰਤਾਰਪੁਰ ਮਾਮਲੇ ਤੇ ਸਿੱਧੂ ਨੂੰ ਕੀਤਾ ਖ਼ਬਰਦਾਰ , ਇਮਰਾਨ ਨਾਲ ਦੋਸਤੀ ਹੋ ਸਕਦੀ ਹੈ ਘਾਤਕ
ਚੰਡੀਗੜ੍ਹ , 01 ਦਸੰਬਰ , 2019 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਮਾਮਲੇ ਕਾਫ਼ੀ ਦੇਰ ਬਾਅਦ ਆਪਣੀ ਚੁੱਪ ਤੋੜਦਿਆਂ ਸਿੱਧੂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਆਪਣੀ ਦੋਸਤੀ ਨਿਭਾਉਂਦੇ ਸਮੇਂ ਇਹ ਖ਼ਿਆਲ ਰੱਖਣ ਕਿ ਇਹ ਭਰਤ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਨਾ ਹੋਵੇ .ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਵਧੇਰੇ ਸਾਵਧਾਨ ਰਹਿਣ .
.
ਪਾਕਿਸਤਾਨ ਦੇ ਰੇਲ ਮੰਤਰੀ ਵੱਲੋਂ ਦਿੱਤੇ ਬਿਆਨ ਕਿ ਕਰਤਾਰਪੁਰ ਲਾਂਘੇ ਪਿੱਛੇ ਪਾਕ ਫ਼ੌਜ ਮੁਖੀ ਕਮਰ ਬਾਜਵਾ ਦੇ ਦਿਮਾਗ਼ ਦੀ ਸਕੀਮ ਦਾ ਸਿੱਟਾ ਸੀ, ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਆਪਣੇ ਵੱਲੋਂ ਪਾਕਿਸਤਾਨ ਦੇ ਚੰਦਰੇ ਇਰਾਦਿਆਂ ਬਾਰੇ ਲਏ ਸਟੈਂਡ ਦੀ ਪੁਸ਼ਟੀ ਦਾ ਦਾਅਵਾ ਕਰਦੇ ਹੋਏ ਪਿਛਲੇ ਵਰ੍ਹੇ ਇਮਰਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਸਿੱਧੂ ਦੀ ਹਾਜ਼ਰੀ ਮੌਕੇ ਵਾਪਰੀ ਘਟਨਾ ਦਾ ਹਵਾਲਾ ਵੀ ਦਿੱਤਾ .
ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੇ ਇਮਰਾਨ ਖ਼ਾਨ ਦੇ ਹਲਫ਼ ਸਮਾਰੋਹ ਦੌਰਾਨ ਨਵਜੋਤ ਸਿੰਘ ਸਿੱਧੂ ਕੋਲ ਲਾਂਘੇ ਦੇ ਨਿਰਮਾਣ ਬਾਰੇ ਪਾਕਿਸਤਾਨ ਦੇ ਫ਼ੈਸਲੇ ਦਾ ਖ਼ੁਲਾਸਾ ਕੀਤਾ ਸੀ। ਇਸ ਬਾਰੇ ਲੰਮਾ ਸਮਾਂ ਪਹਿਲਾਂ ਕੀਤੇ ਜ਼ਿਕਰ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਇਮਰਾਨ ਨੇ ਤਾਂ ਉਸ ਵੇਲੇ ਅਹੁਦਾ ਵੀ ਨਹੀਂ ਸੰਭਾਲਿਆ ਸੀ, ਫਿਰ ਵੀ ਫ਼ੌਜ ਮੁਖੀ ਨੇ ਇਸ ਬਾਰੇ ਸਿੱਧੂ ਨਾਲ ਗੱਲ ਕੀਤੀ। ਇਹ ਕਿਵੇਂ ਸੰਭਵ ਹੈ ਕਿ ਲਾਂਘੇ ਦੇ ਫ਼ੈਸਲੇ ਪਿੱਛੇ ਬਾਜਵਾ ਨਹੀਂ ਸੀ।''
ਪਾਕਿਸਤਾਨ ਦੇ ਮੰਤਰੀ ਵੱਲੋਂ ਕੀਤੇ ਖ਼ੁਲਾਸੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਇਮਰਾਨ ਖ਼ਾਨ ਸਰਕਾਰ ਨਾਲ ਪੇਸ਼ ਆਉਣ ਮੌਕੇ ਵਧੇਰੇ ਸਾਵਧਾਨੀ ਵਰਤਣ ਅਤੇ ਪਾਕਿ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫ਼ੈਸਲੇ 'ਤੇ ਪ੍ਰਭਾਵ ਨਾ ਪੈਣ ਦੇਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।
ਅਮਰਿੰਦਰ ਸਿੰਘ ਨੇ ਆਖਿਆ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਉਥੋਂ ਦੇ ਫੌਜ ਮੁਖੀ ਜਨਰਲ ਕਾਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਹੋਣ ਦੇ ਕੀਤੇ ਖੁਲਾਸੇ ਨੇ ਇਸ ਕਦਮ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕ ਦਿੱਤਾ ਹੈ।
ਪਾਕਿਸਤਾਨ ਦੇ ਮੰਤਰੀ ਦੇ ਇਸ ਖੁਲਾਸੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਮੁੱਦੇ 'ਤੇ ਆਪਣੇ ਸਟੈਂਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਿਦ ਨੇ ਇਸ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਰੱਖ ਦਿੱਤਾ ਹੈ ਜਦਕਿ ਭਾਰਤ ਨੂੰ ਉਮੀਦ ਸੀ ਕਿ ਇਹ ਪੁਲ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਦੇ ਪੁਲ ਵਜੋਂ ਉਭਰੇਗਾ।
ਮੁੱਖ ਮੰਤਰੀ ਨੇ ਰਾਸ਼ਿਦ ਦੀ ਟਿੱਪਣੀ ਦਾ ਵੀ ਸਖ਼ਤ ਨੋਟਿਸ ਲਿਆ ਕਿ ''ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਅਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖਮ ਹਮੇਸ਼ਾ ਰੜਕਦਾ ਰਹੇਗਾ।'' ਇਸ ਨੂੰ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਵਿਰੁੱਧ ਖੁੱਲ੍ਹੇਆਮ ਅਤੇ ਸਪੱਸ਼ਟ ਖਤਰਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ।
ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ''ਲਾਂਘਾ ਖੁੱਲ੍ਹਣ ਲਈ ਸਾਡੇ ਵੱਲੋਂ ਕੀਤੇ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੋ।'' ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦਾਂ ਤੇ ਲੋਕਾਂ 'ਤੇ ਹਮਲੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਭਾਰਤ ਮੂੰਹ ਤੋੜਵਾਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਕੀਮਤ 'ਤੇ ਉਸ ਵਿਰੁੱਧ ਪਾਕਿਸਤਾਨ ਦੀਆਂ ਘਾਤਕ ਕੋਸ਼ਿਸ਼ਾਂ ਨੂੰ ਨੇਪਰੇ ਨਹੀਂ ਚੜ੍ਹਨ ਦੇਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੇ ਅਜਿਹੇ ਕਿਸੇ ਵੀ ਯਤਨ ਦਾ ਇਹੋ ਜਿਹਾ ਬਦਲਾ ਲਿਆ ਜਾਵੇਗਾ ਕਿ ਉਹ ਬਚ ਵੀ ਨਹੀਂ ਸਕਣਗੇ।