ਬੀਤੇ ਸ਼ੁੱਕਰਵਾਰ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਤੀ ਗਈ ਪੱਥਰ ਬਾਜ਼ੀ ਤੋਂ ਬਾਦ ਜਿੱਥੇ ਪੂਰੀ ਦੁਨੀਆ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ਦਾ ਅਸਰ ਭਾਰਤ ਤੋਂ ਕਰਤਾਰਪੁਰ ਕਾਰੀਡੋਰ ਦੇ ਰਸਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੇ ਵੀ ਨਜ਼ਰ ਆਇਆ। ਕਿਉਂ ਕਿ ਗੁਆਂਢੀ ਦੇਸ਼ ਵਿਖੇ ਅੰਜਾਮ ਦਿੱਤੀ ਗਈ ਇਸ ਅਤਿ ਨਿੰਦਣਯੋਗ ਘਟਨਾ ਮਗਰੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਮਨ 'ਚ ਉੱਥੋਂ ਦੇ ਮਹੌਲ ਨੂੰ ਲੈ ਕੇ ਸ਼ੰਕੇ ਚੱਲਣੇ ਸੁਭਾਵਿਕ ਸਨ। ਉਕਤ ਮਸਲੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਾਬੂਸ਼ਾਹੀ ਡਾਟ ਕਾਮ ਦੀ ਟੀਮ ਵੱਲੋਂ ਸ਼ਨਿੱਚਰ ਵਾਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਸਨਿਚਰਵਾਰ ਮਗਰੋਂ ਮੁੜ ਭਾਰਤ ਪਰਤਣ ਵਾਲੇ ਸ਼ਰਧਾਲੂਆਂ ਨਾਲ ਗੱਲ ਬਾਤ ਕਰ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ।
ਦਰਸ਼ਨ ਕਰ ਕੇ ਭਾਰਤ ਪਰਤੇ ਲੁਧਿਆਣਾ ਦੇ ਪੁਸ਼ਪਿੰਦਰ ਭਨੋਟ, ਦਿੱਲੀ ਦੇ ਜੋਬਨ ਪ੍ਰੀਤ ਸਿੰਘ, ਉਤਰ ਪ੍ਰਦੇਸ਼ ਦੀ ਦਿਲਜੀਤ ਕੌਰ, ਜਲੰਧਰ ਦੇ ਰਾਮ ਸਿੰਘ ਅਤੇ ਸੰਗਰੂਰ ਦੇ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਜ਼ਰੀਏ ਪਤਾ ਲੱਗਾ ਸੀ ਕਿ ਸ਼ੁੱਕਰਵਾਰ ਨੂੰ ਕੁੱਝ ਲੋਕਾਂ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੱਥਰ ਬਾਜ਼ੀ ਕਰਦਿਆਂ ਹੰਗਾਮਾ ਕੀਤਾ ਗਿਆ ਹੈ ਅਤੇ ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਉਹ ਇਸ ਯਾਤਰਾ ਸਬੰਧੀ ਦੁਚਿੱਤੀ ਵਿੱਚ ਸਨ। ਪਰ ਉਨ੍ਹਾਂ ਸਭ ਕੁੱਝ ਗੁਰੂ 'ਤੇ ਛੱਡਦਿਆਂ ਯਾਤਰਾ ਨਹੀਂ ਟਾਲੀ ਅਤੇ ਮਿਥੇ ਸਮੇਂ ਮੁਤਾਬਿਕ ਸ਼ਨਿੱਚਰ ਵਾਰ ਨੂੰ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕਾਰੀਡੋਰ ਰਾਹੀਂ ਆਪਣੀ ਯਾਤਰਾ ਸਨਿੱਚਰਵਾਰ ਕੀਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕਿਤੇ ਵੀ ਨਨਕਾਣਾ ਸਾਹਿਬ ਦੀ ਘਟਨਾ ਦਾ ਅਸਰ ਵਿਖਾਈ ਨਹੀਂ ਦਿੱਤਾ ਅਤੇ ਪਾਕਿਸਤਾਨ ਜਾਣ ਤੇ ਉਨ੍ਹਾਂ ਦਾ ਆਮ ਦਿਨਾਂ ਵਾਂਗ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਖੇ ਸਭ ਕੁਝ ਆਮ ਦਿਨਾਂ ਵਾਂਗ ਬਿਲਕੁਲ ਸ਼ਾਂਤ ਸੀ । ਨਾਲ ਹੀ ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਖੇ ਬਾਕਾਇਦਾ ਗੁਰਪੁਰਬ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਐਤਵਾਰ ਨੂੰ ਪੂਰੀ ਗੁਰਮਰਯਾਦਾ ਨਾਲ ਇਹਨਾਂ ਦੇ ਭੋਗ ਪਾਏ ਜਾਣਗੇ। ਅੰਤ ਵਿੱਚ ਉਨ੍ਹਾਂ ਦੱਸਿਆ ਕਿ ਭਾਵੇਂ ਉਹ ਯਾਤਰਾ ਤੇ ਜਾਣ ਤੋਂ ਪਹਿਲਾਂ ਦੁਚਿੱਤੀ ਵਿੱਚ ਸਨ। ਪਰ ਉਨ੍ਹਾਂ ਦੀ ਯਾਤਰਾ ਪੂਰੀ ਤਰਾਂ ਸਫਲ ਰਹੀ ਅਤੇ ਕਰਤਾਰਪੁਰ ਸਾਹਿਬ ਜਾਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਘਬਰਾਉਣ ਦੀ ਲੋੜ ਨਹੀਂ। ਕਿਉਂ ਕਿ ਨਨਕਾਣਾ ਸਾਹਿਬ ਦੀ ਘਟਨਾ ਦਾ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਕੋਈ ਅਸਰ ਨਹੀਂ ਹੈ।