ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਬੋਰਡ ਮਾਮਲੇ'ਚ ਸਭ ਨੇ ਦਗ਼ਾ ਕੀਤਾ ਬਾਬੇ ਨਾਨਕ ਦੀ ਬੋਲੀ ਪੰਜਾਬੀ ਨਾਲ
550ਵੇਂ ਪ੍ਰਕਾਸ਼ ਉਤਸਵ ਨੂੰ ਹਿੰਦ ਪਾਕ ਕਾਰੀਡੋਰ ਦੇ ਉਦਘਾਟਨੀ ਬੋਰਡ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਨਹੀਂ ਮਿਲੀ ਥਾਂ
ਡੇਰਾ ਬਾਬਾ ਨਾਨਕ 9 ਨਵੰਬਰ , 2019 : ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮੇਂ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਸਭ ਨੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਫ਼ਲਸਫ਼ੇ ਤੇ ਅਮਲ ਕਰਨ ਦੀਆਂ ਨਸੀਹਤਾਂ ਦਿੱਤੀਆਂ ਪਰ ਆਪ ਉਹ ਉਸ ਭਾਸ਼ਾ ਨਾਲ ਹੀ ਦਗ਼ਾ ਕਮਾ ਗਏ ਜਿਸ ਭਾਸ਼ਾ 'ਚ ਬਾਬੇ ਨਾਨਕ ਨੇ ਇਹ ਆਪਣੀ ਬਾਣੀ ਰਚੀ ਅਤੇ ਨੂੰ ਸ਼ਬਦੀ ਰੂਪ ਦਿੱਤਾ . ਸਾਰੇ ਪ੍ਰੋਗਰਾਮ ਵਿਚ ਸੰਗਠਿਤ ਚੈੱਕ ਪੋਸਟ ( ਆਈ ਸੀ ਪੀ ) ਦੇ ਸਿਰਫ਼ ਇੱਕ ਹੀ ਉਦਘਾਟਨੀ ਪੱਥਰ ਤੋਂ ਲਾਂਘੇ ਦੀ ਸ਼ੁਰੂਆਤ ਕਰਨ ਵੇਲੇ ਪਰਦਾ ਚੁੱਕਿਆ ਗਿਆ ਪਰ ਇਸ ਵਿਚ ਵੀ ਪੰਜਾਬੀ ਬੋਲੀ ਨੂੰ ਬਾਹਰ ਵਗਾਹ ਮਾਰਿਆ . ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਲਾਂਘੇ ਬਾਰੇ ਖੜ੍ਹੇ ਕੀਤੇ ਗਏ ਇਸ ਬੋਰਡ 'ਚ ਉੱਤੇ ਤਾਂ ਕੀ , ਹੇਠਾਂ ਵੀ ਪੰਜਾਬੀ ਨੂੰ ਹੇਠਾਂ ਵੀ ਥਾਂ ਨਹੀਂ ਦਿੱਤੀ ਗਈ . ਇਹ ਬੋਰਡ ਸਿਰਫ਼ ਅੰਗਰੇਜ਼ੀ ਅਤੇ ਭਾਸ਼ਾ ਵਿਚ ਹੀ ਲਾਇਆ ਗਿਆ ਹੈ ਜਿਸ ਨੇ ਪੰਜਾਬੀਆਂ ਅਤੇ ਪੰਜਾਬੀ ਪ੍ਰੇਮੀਆਂ ਦੇ ਮਨ ਨੂੰ ਵੱਡੀ ਠੇਸ ਲਈ ਹੈ .
ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਸ.ਜੀ.ਪੀ.ਸੀ. ਦੇ ਪ੍ਰਧਾਨ, ਅਕਾਲ ਤਖ਼ਤ ਦੇ ਜਥੇਦਾਰ , ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪੰਜਾਬੀ ਭਾਸ਼ਾ ਅਤੇ ਸਿੱਖ ਹਿਤੈਸ਼ੀ ਸ਼ਖ਼ਸੀਅਤਾਂ ਹਾਜ਼ਰ ਸਨ। ਬਾਬੂਸ਼ਾਹੀ ਦੇ ਸਟਾਫ਼ ਨੂੰ ਇਸ ਸਬੰਧੀ ਪੰਜਾਬ ਭਰ ਵਿਚੋਂ ਪੰਜਾਬੀ ਹਿਤੈਸ਼ੀਆਂ ਦੇ ਫ਼ੋਨ ਆ ਰਹੇ ਹਨ ਕਿ ਇੱਕ ਪਾਸੇ ਵਿਧਾਨ ਸਭਾ ਵਿਚ ਪੰਜਾਬੀ ਭਾਸ਼ਾ ਨੂੰ ਰਾਜ ਵਿਚ ਹਰ ਬੋਰਡ ਤੇ ਪਹਿਲੇ ਸਥਾਨ ਉੱਤੇ ਲਿਖੇ ਜਾਣ ਦੇ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਉੱਥੇ ਸਭ ਦੀਆਂ ਨਜ਼ਰਾਂ ਸਾਹਮਣੇ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਦੀ ਧਰਤੀ ਤੇ ਨਕਾਰਿਆ ਗਿਆ.
ਮਾਨਸਾ ਤੋਂ ਸਮਾਜ ਸੇਵੀ ਅਤੇ ਪੰਜਾਬੀ -ਹਿਤੈਸ਼ੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਜਿੱਥੇ ਅਤੇ ਵਿਦੇਸ਼ ਵਿੱਚ ਵੱਸਣ ਵਾਲੇ ਪੰਜਾਬੀਆਂ ਵਿੱਚ ਅੱਜ ਖ਼ੁਸ਼ੀ ਦਾ ਮਾਹੌਲ ਸੀ ਕਿ 70 ਸਾਲਾਂ ਤੋਂ ਜੋ ਨਾਨਕ ਨਾਮ ਲੇਵਾ ਸੰਗਤਾਂ ਅਰਦਾਸ ਕਰ ਰਹੀਆਂ ਸਨ, ਉਹ ਅਰਦਾਸ ਅੱਜ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪੂਰੀ ਹੋ ਗਈ ਪਰ ਇਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਗਵਰਨਰ, ਮੁੱਖ ਮੰਤਰੀ, ਐਸ.ਜੀ.ਪੀ.ਸੀ. ਦੇ ਆਗੂਆਂ, ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਜਾਬੀ ਅਤੇ ਹੋਰ ਸਿੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜੋ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਦੀ ਸ਼ਬਦਾਵਲੀ ਵਿੱਚ ਪੰਜਾਬੀ ਮਾਤ ਭਾਸ਼ਾ ਦੀ ਗੈਰ ਹਾਜ਼ਰੀ ਨੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਮਾਤ-ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ। ਇੰਨੇ ਵੱਡੇ ਮਹਾਨ ਪੁਰਬ ਦੇ ਮੌਕੇ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਅਣਗਹਿਲੀ ਨੇ ਇਨ੍ਹਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ ਲੋਕਾਂ ਸਾਹਮਣੇ ਲਿਆ ਦਿੱਤੀ ਹੈ।
ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬੀ ਭਾਸ਼ਾ ਦੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਨੋਟੀਫ਼ਿਕੇਸ਼ਨ ਨੂੰ ਖ਼ਤਮ ਕਰਵਾਇਆ ਸੀ, ਉਸੇ ਤਰ੍ਹਾਂ ਹੁਣ ਉਹ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸ਼ਖ਼ਸਾਂ ਨੂੰ ਨਾਲ ਲੈ ਕੇ ਇਸ ਨੀਂਹ ਪੱਥਰ ਉੱਪਰ ਪੰਜਾਬੀ ਭਾਸ਼ਾ ਨੂੰ ਬਣਦੀ ਥਾਂ ਦਿਵਾਉਣਗੇ।
ਇਸ ਸਮੇਂ ਸੁਖਮਿੰਦਰ ਸਿੰਘ ਮੈਂਬਰ ਪੰਜਾਬੀ ਭਾਸ਼ਾ ਪਸਾਰ ਗਰੁੱਪ ਮਾਨਸਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਕੈਬਨਿਟ ਮੰਤਰੀ ਤ੍ਰਿਪਤਇੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ ਹਰ ਥਾਂ ਪੰਜਾਬੀ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਸਾਰੇ ਸਾਈਨ ਬੋਰਡਾਂ ਉੱਪਰ ਪਹਿਲਾਂ ਪੰਜਾਬੀ ਲਿਖੀ ਜਾਵੇਗੀ ਫਿਰ ਕੋਈ ਦੂਸਰੀ ਭਾਸ਼ਾ ਲਿਖੀ ਜਾਵੇਗੀ ਪਰ ਇਸ ਗੱਲ ਨੂੰ ਉਹ ਇੱਕ ਹਫ਼ਤੇ ਵਿੱਚ ਹੀ ਭੁੱਲ ਗਏ ਅਤੇ ਇਸ ਮਹੱਤਵਪੂਰਨ ਦਿਨ ਜੋ ਉਦਘਾਟਨੀ ਬੋਰਡ ਲੱਗਾ, ਉਸ ਵਿੱਚ ਕਿਸੇ ਥਾਂ ਵੀ ਪੰਜਾਬੀ ਭਾਸ਼ਾ ਨੂੰ ਜਗ੍ਹਾ ਨਹੀਂ ਮਿਲੀ। ਇਸ ਸਮੇਂ ਗੁਰਦਾਸ ਸਿੰਘ ਮਾਨ ਸੈਕਟਰੀ ਬਾਰ ਐਸੋਸੀਏਸ਼ਨ ਮਾਨਸਾ, ਪਰਮਿੰਦਰ ਸਿੰਘ ਬਹਿਣੀਵਾਲ ਐਡਵੋਕੇਟ, ਪਰਮਿੰਦਰ ਮਾਨ, ਐਡਵੋਕੇਟ ਨਵੀਨ ਗੋਇਲ, ਨਰਾਇਣ ਗਰਗ ਆਦਿ ਹਾਜ਼ਰ ਸਨ.
ਯਾਦ ਰਹੇ ਕਿ ਇਹ ਕਾਰੀਡੋਰ ਦੇ ਟਰਮੀਨਲ ਅਤੇ ਆਈ ਸੀ ਪੀ ਨਾਲ ਜੁੜੇ ਸਾਰੇ ਕੰਮਾਂ ਅਤੇ ਲਾਂਘੇ ਨਾਲ ਜੁੜੇ ਸਾਰੇ ਸਮਗਾਮ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਅਦਾਰਿਆਂ ਦੀ ਸੀ . ਇਸ ਲਈ ਪੰਜਾਬੀ ਭਾਸ਼ਾ ਨੂੰ ਨਜ਼ਰ-ਅੰਦਾਜ਼ ਕਰਨ ਦੀ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਵਜ਼ੀਰਾਂ ਅਤੇ ਅਫ਼ਸਰਾਂ ਦੀ ਹੈ ਪਰ ਸਵਾਲ ਇਹ ਵੀ ਕੀ ਸਿੱਖ ਨੇਤਾਵਾਂ ਅਤੇ ਪੰਜਾਬ ਦੇ ਨੇਤਾਵਾਂ ਨੇ ਇਹ ਬੋਰਡ ਦੇਖ ਕੇ ਸਵਾਲ ਖੜ੍ਹੇ ਕੀਤੇ ਹਨ ਕਿ ਨਹੀਂ .