- ਪਹਿਲੇ ਸਥਾਨ ’ਤੇ ਰਹੇ ਭਾਈ ਇੰਦਰਜੀਤ ਸਿੰਘ ਦੇ ਜਥੇ ਨੂੰ 1 ਲੱਖ ਰੁਪਏ ਦਾ ਦਿੱਤਾ ਇਨਾਮ
ਸੁਲਤਾਨਪੁਰ ਲੋਧੀ, 9 ਨਵੰਬਰ 2019 - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਕੌਮਾਂਤਰੀ ਸਮਾਗਮਾਂ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨਾਮੀ ਢਾਡੀ ਮੁਕਾਬਲੇ ਕਰਵਾਏ ਗਏ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਯਾਦਗਾਰੀ ਦੀਵਾਨ ਹਾਲ ’ਚ ਹੋਏ ਢਾਡੀ ਮੁਕਾਬਲਿਆਂ ’ਚ ਢਾਡੀ ਜਥਿਆਂ ਨੇ ਆਪਣੀ ਕਲਾ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ, ਜਿਸ ਦੌਰਾਨ ਪਹਿਲੇ ਸਥਾਨ ’ਤੇ ਭਾਈ ਇੰਦਰਜੀਤ ਸਿੰਘ ਦਾ ਢਾਡੀ ਜਥਾ ਦੂਜੇ ਸਥਾਨ ’ਤੇ ਭਾਈ ਸਤਨਾਮ ਸਿੰਘ ਅਤੇ ਤੀਜੇ ਸਥਾਨ ’ਤੇ ਭਾਈ ਮਨਪ੍ਰੀਤ ਸਿੰਘ ਦਾ ਢਾਡੀ ਜਥਾ ਰਿਹਾ।
ਜੇਤੂ ਢਾਡੀ ਜਥਿਆਂ ਨੂੰ ਕ੍ਰਮਵਾਰ 1 ਲੱਖ ਰੁਪਏ, 75 ਹਜ਼ਾਰ ਅਤੇ 51 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਜੇਤੂ ਢਾਡੀ ਜਥਿਆਂ ਨੂੰ ਇਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਅਤੇ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਤਕਸੀਮ ਕੀਤੇ। ਇਨ੍ਹਾਂ ਇਨਾਮੀ ਢਾਡੀ ਮੁਕਾਬਲਿਆਂ ’ਚ ਸ਼੍ਰੋਮਣੀ ਕਮੇਟੀ ਦੇ ਤਿੰਨ ਜੋਨਾਂ ’ਚ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਢਾਡੀ ਮੁਕਾਬਲਿਆਂ ’ਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਢਾਡੀ ਜਥਿਆਂ ਨੇ ਹਿੱਸਾ ਲਿਆ। ਇਨ੍ਹਾਂ ਜਥਿਆਂ ’ਚ ਭਾਈ ਲਖਬੀਰ ਸਿੰਘ, ਭਾਈ ਖੜਗ ਸਿੰਘ ਪਠਾਨਕੋਟ, ਭਾਈ ਪੂਰਨ ਸਿੰਘ ਅਰਸ਼ੀ, ਬੀਬੀ ਰਣਵੀਰ ਕੌਰ, ਭਾਈ ਕਸ਼ਮੀਰ ਸਿੰਘ ਅਤੇ ਭਾਈ ਪ੍ਰਦੀਪ ਸਿੰਘ ਪਾਂਧੀ ਦੇ ਢਾਡੀ ਜਥੇ ਸ਼ਾਮਲ ਸਨ। ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਗੁਰਮਤਿ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਬੀਬੀ ਜਸਬੀਰ ਕੌਰ, ਢਾਡੀ ਭਾਈ ਸਵਿੰਦਰ ਸਿੰਘ ਭੰਗੂ, ਭਾਈ ਬਲਦੇਵ ਸਿੰਘ ਲੌਂਗੋਵਾਲ ਅਤੇ ਸ. ਜਸਵੰਤ ਸਿੰਘ ਕੁਰੂਕਸ਼ੇਤਰ ਨੇ ਨਿਭਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਆਖਿਆ ਕਿ ਢਾਡੀ ਕਲਾ ਸਿੱਖ ਇਤਿਹਾਸ ਨੂੰ ਗਾਇਨ ਕਰਨ ਦੀ ਇਕ ਮੌਲਿਕ ਪਰੰਪਰਾ ਹੈ। ਢਾਡੀ ਵਾਰਾਂ ਰਾਹੀਂ ਸਾਡੀਆਂ ਨਵੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਸਰਵਣ ਕਰਕੇ ਜੋਸ਼ ਅਤੇ ਉਤਸ਼ਾਹ ਹਾਸਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੱਕੇ ਰਾਗਾਂ ’ਚ ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਨੂੰ ਹਮੇਸ਼ਾ ਸ਼੍ਰੋਮਣੀ ਕਮੇਟੀ ਉਤਸ਼ਾਹਿਤ ਕਰਦੀ ਆਈ ਹੈ। ਢਾਡੀ ਪਰੰਪਰਾ ਨੂੰ ਉੱਚਾ ਚੁੱਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸ਼ੀਤਲ ਦੇ ਨਾਂਅ ’ਤੇ ਗੁਰੂ ਕੀ ਵਡਾਲੀ (ਅੰਮ੍ਰਿਤਸਰ) ਵਿਖੇ ਇਕ ਢਾਡੀ ਵਿਦਿਆਲਾ ਵੀ ਚਲਾਇਆ ਜਾ ਰਿਹਾ ਹੈ। ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਢਾਡੀ ਜਥਿਆਂ ਨੂੰ ਅਪੀਲ ਕੀਤੀ ਕਿ ਉਹ ਪੱਕੇ ਰਾਗਾਂ ’ਚ ਹੀ ਢਾਡੀ ਵਾਰਾਂ ਗਾਉਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਸ. ਸਵਰਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸੁਲੱਖਣ ਸਿੰਘ ਭੰਗਾਲੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਮੇਜਰ ਸਿੰਘ, ਮੁੱਖ ਪ੍ਰਚਾਰਕ ਸ. ਜਗਦੇਵ ਸਿੰਘ ਅਤੇ ਪ੍ਰਚਾਰਕ ਸ. ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵੀ ਹਾਜ਼ਰ ਸਨ।