ਡੇਰਾ ਬਾਬਾ ਨਾਨਕ, 15 ਨਵੰਬਰ 2019 - 9 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਸੀ। ਪਰ ਉਦਘਾਟਨੀ ਬੋਰਡ ਦੇ ਵਿੱਚ ਪੰਜਾਬੀ ਨੂੰ ਬਿਲਕੁਲ ਵੀ ਸਥਾਨ ਨਹੀਂ ਦਿੱਤਾ ਗਿਆ ਸੀ ਜੋ ਕਿ ਅੰਗਰੇਜ਼ੀ ਅਤੇ ਹਿੰਦੀ 'ਚ ਸੀ, ਇਸ ਮੁੱਦੇ ਨੂੰ 9 ਨਵੰਬਰ ਦੀ ਸ਼ਾਮ ਨੂੰ ਹੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਇਹ ਮੁੱਦਾ ਧਿਆਨ 'ਚ ਲਿਆਂਦਾ ਗਿਆ ਅਤੇ ਬਾਬੂਸ਼ਾਹੀ ਦੀ ਟੀਮ ਵੱਲੋਂ ਇਹ ਮੁੱਦਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਸ ਦਾ ਕਿ ਹੁਣ ਅਸਰ ਦੇਖਣ ਨੂੰ ਮਿਲਿਆ ਅਤੇ ਇੱਕ ਹਫਤੇ ਦੇ ਅੰਦਰ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਬੋਰਡ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਸਭ ਤੋਂ ਪਹਿਲਾ ਸਥਾਨ ਦੇ ਦਿੱਤਾ ਗਿਆ ਹੈ। ਗੁਰਲਾਭ ਸਿੰਘ ਨੇ ਬਾਬੂਸ਼ਾਹੀ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੀਡੀਆ ਦੀ ਮੱਦਦ ਨਾਲ ਉਹ ਆਪਣੇ ਮਕਸਦ ਵਿਚ ਸਫਲ ਹੋਏ ਹਨ .
ਨਵਾਂ ਬੋਰਡ
ਉਦਘਾਟਨ ਮੌਕੇ ਵਾਲਾ ਬੋਰਡ
ਇਸ ਸਬੰਧੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨੀ ਬੋਰਡ ਪੰਜਾਬੀ ਵਿੱਚ ਲਿਖਵਾ ਦਿੱਤਾ ਗਿਆ ਹੈ ਅਤੇ ਕਿਹਾ ਕਿ ਮਾਤ-ਭੂਮੀ ਤੇ ਮਾਂ-ਬੋਲੀ ਦਾ ਸਨਮਾਨ ਸਦਾ ਸਾਡੀ ਪਹਿਲ 'ਤੇ ਹੈ, ਅਤੇ ਇਸ ਮਾਮਲੇ 'ਚ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ।
ਤੁਹਾਨੂੰ ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਸ.ਜੀ.ਪੀ.ਸੀ. ਦੇ ਪ੍ਰਧਾਨ, ਅਕਾਲ ਤਖਤ ਦੇ ਜਥੇਦਾਰ ਅਤੇ ਹੋਰ ਪੰਜਾਬੀ ਭਾਸ਼ਾ ਅਤੇ ਸਿੱਖ ਹਿਤੈਸ਼ੀ ਸ਼ਖਸ਼ੀਅਤਾਂ ਹਾਜ਼ਰ ਸਨ, ਪਰ ਕਿਸੇ ਵੱਲੋਂ ਇਸ ਸਬੰਧੀ ਕੁੱਝ ਵੀ ਨਹੀਂ ਕਿਹਾ ਗਿਆ। ਪਰ ਬਾਬੂਸ਼ਾਹੀ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਧਿਕਾਰੀਆਂ ਦੇ ਧਿਆਨ 'ਚ ਇਹ ਮੁੱਦਾ ਆਇਆ ਅਤੇ ਆਖਰ ਇੱਕ ਹਫਤੇ ਬਾਅਦ ਪੰਜਾਬੀ ਨੂੰ ਉਦਘਾਟਨੀ ਬੋਰਡ 'ਚ ਥਾਂ ਦੇ ਦਿੱਤੀ ਗਈ।
ਬਾਬੂਸ਼ਾਹੀ ਦੀ ਟੀਮ ਵੱਲੋਂ 9 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਖਬਰ ਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਬਾਬੇ ਨਾਨਕ ਦੀ ਬੋਲੀ ਪੰਜਾਬੀ ਨਾਲ ਦਗ਼ਾ ਕੀਤਾ ਗਿਆ ਕਰਤਾਰਪੁਰ ਕਾਰੀਡੋਰ ਨਾਲ ਜੁੜੇ ਉਦਘਾਟਨੀ ਬੋਰਡ ਮਾਮਲੇ 'ਚ
http://www.babushahi.com/punjabi/full-news.php?id=70260