- ਕਿਹਾ, ਪਰਾਲੀ ਪ੍ਰਬੰਧਨ ਲਈ ਕੇਂਦਰ ਦੇਵੇ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ
- ਪਾਕਿਸਤਾਨ ਵੱਲੋਂ ਲਈ ਜਾਂਦੀ 20 ਡਾਲਰ ਦੀ ਫੀਸ ਕੇਂਦਰ ਸਰਕਾਰ ਵੱਲੋਂ ਅਦਾ ਕਰਨ ਦੀ ਅਪੀਲ
ਡੇਰਾ ਬਾਬਾ ਨਾਨਕ/ਚੰਡੀਗੜ੍ਹ, 9 ਨਵੰਬਰ 2019 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘਾ ਖੁੱਲਣ ਦੀ ਵਧਾਈ ਦੇਣ ਅਤੇ ਇਸ ਲਾਂਘੇ ਨੂੰ ਹਕੀਕਤ ਵਿਚ ਬਦਲਣ ਲਈ ਉਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨਾਂ ਸਨਮੁੱਖ ਪੰਜਾਬ ਦੇ ਕਿਸਾਨਾਂ ਦੀ ਅਵਾਜ ਵੀ ਰੱਖੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪ੍ਰਧਾਨ ਮੰਤਰੀ ਨਾਲ ਮਿਲਣੀ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਅਕਾਲ ਪੁਰਖ ਦੀ ਵੱਡੀ ਕਿਰਪਾ ਹੋਈ ਹੈ ਜੋ ਵਰ੍ਹਿਆਂ ਬਾਅਦ ਇਹ ਲਾਂਘਾ ਖੁੱਲਿਆ ਹੈ। ਇਸ ਮੌਕੇ ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਖੇਤੀ ਕਰਕੇ ਕਿਸਾਨੀ ਦੇ ਮਹੱਤਵ ਨੂੰ ਉਜਾਗਰ ਕੀਤਾ ਸੀ ਅਤੇ ਅੱਜ ਵੀ ਕਿਸਾਨੀ ਹੀ ਹੈ ਜੋ ਮਨੁੱਖਤਾ ਦਾ ਢਿੱਡ ਭਰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਮਦਦ ਕਰੇ।
ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਤਾਜ਼ਾ ਹਦਾਇਤਾਂ ਦੇ ਮੱਦੇਨਜ਼ਰ ਕਿਸਾਨਾਂ ਲਈ 100 ਰੁਪਏ ਦੀ ਸਹਾਇਤਾ ਕਰਨੀ ਰਾਜ ਦੇ ਸੀਮਤ ਵਿੱਤੀ ਸਾਧਨਾਂ ਲਈ ਔਖੀ ਹੈ। ਕੇਂਦਰ ਸਰਕਾਰ ਵੀ ਕਿਸਾਨਾਂ ਦੀ ਬਾਂਹ ਫੜੇ ਅਤੇ ਝੋਨੇ ’ਤੇ 100 ਰੁਪਏ ਦਾ ਬੋਨਸ ਦੇਵੇ ਤਾਂ ਜੋ ਕਿਸਾਨ ਵੀਰ ਪਰਾਲੀ ਦਾ ਨਿਪਟਾਰਾ ਕਰ ਸਕਣ।
ਸ੍ਰੀ ਸੁਨੀਲ ਜਾਖੜ ਨੇ ਇਸ ਮੋਕੇ ਪ੍ਰਧਾਨ ਮੰਤਰੀ ਕੋਲ ਪਾਕਿਸਤਾਨ ਸਰਕਾਰ ਵੱਲੋਂ ਯਾਤਰੀਆਂ ਲਈ ਰੱਖੀ ਗਈ 20 ਡਾਲਰ ਦੀ ਫੀਸ ਦਾ ਮੁੱਦਾ ਚੁੱਕਦਿਆਂ ਵੀ ਅਪੀਲ ਕੀਤੀ ਕਿ ਭਾਰਤ ਸਰਕਾਰ ਇਹ ਭਾਰ ਚੁੱਕੇ। ਉਨਾਂ ਨੇ ਕਿਹਾ ਕਿ ਇਸ ਪਵਿੱਤਰ ਪੁਰਬ ਦੀ ਭਾਵਨਾ ਨੂੰ ਸਮਝਦਿਆਂ ਭਾਰਤ ਸਰਕਾਰ ਵੱਲੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਫੀਸ ਅਦਾ ਕੀਤੀ ਜਾਵੇ।