ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਅਕਤੂਬਰ 2019 - ਭਾਰਤ ਸਰਕਾਰ ਵਲੋਂ ਅੱਜ ਡੇਰਾ ਬਾਬਾ ਨਾਨਕ, ਅੰਤਰਰਾਸ਼ਟਰੀ ਸਰਹੱਦ ਦੇ ਜ਼ੀਰੋ ਪੁਆਇੰਟ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ਼ੁਰੂ ਕਰਨ ਲਈ ਤੌਰ-ਤਰੀਕਿਆਂ ਸਬੰਧੀ ਪਾਕਿਸਤਾਨ ਸਰਕਾਰ ਨਾਲ ਇਕ ਵਿਸ਼ੇਸ਼ ਸਮਝੌਤੇ ਉੱਤੇ ਦਸਤਖਤ ਕੀਤੇ। ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਗ੍ਰਿਹ ਮੰਤਰਾਲਾ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀ ਦਸਤਖਤ ਕਰਨ ਦੇ ਇਸ ਸਮਾਰੋਹ ਦੌਰਾਨ ਮੌਜੂਦ ਰਹੇ।
ਇਹ ਗੱਲ ਤੋਂ ਸਾਰੇ ਜਾਣੂ ਹਨ ਕਿ ਕੇਂਦਰੀ ਮੰਤਰੀ ਮੰਡਲ ਨੇ 22 ਨਵੰਬਰ, 2018 ਨੂੰ ਇਕ ਮਤਾ ਪਾਸ ਕੀਤਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸਮਾਰੋਹ ਵਿਸ਼ਾਲ ਅਤੇ ਸ਼ਾਨਦਾਰ ਢੰਗ ਨਾਲ ਸਾਰੇ ਦੇਸ਼ ਅਤੇ ਦੁਨੀਆ ਭਰ ਵਿਚ ਮਨਾਇਆ ਜਾਵੇ।
ਇਕ ਇਤਿਹਾਸਕ ਫੈਸਲੇ ਵਿਚ ਕੇਂਦਰੀ ਮੰਤਰੀ ਮੰਡਲ ਨੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਸਾਹਿਬ ਕਾਰੀਡੋਰ ਤਿਆਰ ਕਰਨ ਅਤੇ ਵਿਕਸਤ ਕਰਨ ਦਾ ਕੰਮ ਹੱਥ ਵਿਚ ਲੈਣ ਦਾ ਫੈਸਲਾ ਕੀਤਾ ਸੀ ਤਾਂ ਕਿ ਭਾਰਤ ਤੋਂ ਤੀਰਥ ਯਾਤਰੀ ਸਾਰਾ ਸਾਲ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੁਖਾਲੇ ਅਤੇ ਨਿਰਵਿਘਨ ਢੰਗ ਨਾਲ ਜਾ ਸਕਣ।
ਇਸ ਸਮਝੌਤੇ ਉੱਤੇ ਦਸਤਖਤ ਹੋਣ ਨਾਲ ਕਰਤਾਰਪੁਰ ਸਾਹਿਬ ਲਾਂਘੇ ਲਈ ਇਕ ਬਕਾਇਦਾ ਢਾਂਚਾ ਤਿਆਰ ਹੋ ਗਿਆ ਹੈ।
ਇਸ ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ -
ਸਭ ਧਰਮਾਂ ਦੇ ਅਤੇ ਭਾਰਤੀ ਮੂਲ ਦੇ ਵਿਅਕਤੀ ਇਸ ਲਾਂਘੇ ਦੀ ਵਰਤੋਂ ਕਰ ਸਕਦੇ ਹਨ,
ਇਹ ਯਾਤਰਾ ਵੀਜ਼ਾ ਮੁਕਤ ਹੋਵੇਗੀ,
ਤੀਰਥ ਯਾਤਰੀਆਂ ਨੂੰ ਆਪਣੇ ਕੋਲ ਜਾਇਜ਼ ਪਾਸਪੋਰਟ ਰੱਖਣਾ ਪਵੇਗਾ,
ਭਾਰਤੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਦੇਸ਼ ਦੇ ਪਾਸਪੋਰਟ ਤੋਂ ਇਲਾਵਾ ਓਸੀਆਈ ਕਾਰਡ ਵੀ ਰੱਖਣਾ ਪਵੇਗਾ,
ਕਾਰੀਡੋਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੱਲਾ ਰਿਹਾ ਕਰੇਗਾ। ਸਵੇਰ ਵੇਲੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਉਸੇ ਦਿਨ ਵਾਪਿਸ ਪਰਤਣਾ ਪਵੇਗਾ।
ਇਹ ਲਾਂਘਾ ਸਿਰਫ ਨੋਟੀਫਾਈ ਦਿਨਾਂ ਨੂੰ ਛੱਡਕੇ ਸਾਰਾ ਸਾਲ ਖੁੱਲਾ ਰਹੇਗਾ, ਇਸ ਬਾਰੇ ਪੇਸ਼ਗੀ ਜਾਣਕਾਰੀ ਦੇਣੀ ਪਵੇਗੀ।
ਤੀਰਥ ਯਾਤਰੀਆਂ ਨੂੰ ਛੋਟ ਹੋਵੇਗੀ ਕਿ ਉਹ ਨਿੱਜੀ ਰੂਪ ਵਿਚ ਜਾਂ ਗਰੁੱਪਾਂ ਵਿੱਚ ਜਾ ਸਕਣਗੇ ਅਤੇ ਪੈਦਲ ਵੀ ਜਾ ਸਕਣਗੇ।
ਭਾਰਤ ਤੀਰਥ ਯਾਤਰੀਆਂ ਦੀ ਲਿਸਟ ਪਾਕਿਸਤਾਨ ਨੂੰ ਯਾਤਰਾ ਦੀ ਤਰੀਕ ਤੋਂ 10 ਦਿਨ ਪਹਿਲਾਂ ਭੇਜੇਗਾ। ਇਸ ਦੀ ਤਾਈਦ ਯਾਤਰਾ ਦੀ ਤਰੀਕ ਤੋਂ 4 ਦਿਨ ਪਹਿਲਾਂ ਕੀਤੀ ਜਾਵੇਗੀ।
ਪਾਕਿਸਤਾਨੀ ਧਿਰ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ 'ਲੰਗਰ' ਅਤੇ 'ਪ੍ਰਸਾਦ' ਵੰਡਣ ਲਈ ਕਾਫੀ ਪ੍ਰਬੰਧ ਕੀਤਾ ਗਿਆ ਹੈ।
ਵਿਚਾਰਨ ਦਾ ਮੁੱਖ ਮੁੱਦਾ ਇਹ ਸੀ ਕਿ ਪਾਕਿਸਤਾਨ ਹਰ ਤੀਰਥ ਯਾਤਰੀ ਤੋਂ20 ਅਮਰੀਕੀ ਡਾਲਰ ਦੀ ਸੇਵਾ ਫੀਸ ਵਸੂਲਣ ਤੇ ਅਡ਼ਿਆ ਹੋਇਆ ਸੀ। ਭਾਰਤ ਲਗਾਤਾਰ ਪਾਕਿਸਤਾਨ ਨੂੰ ਬੇਨਤੀ ਕਰਦਾ ਰਿਹਾ ਕਿ ਤੀਰਥ ਯਾਤਰੀਆਂ ਉੱਤੇ ਕੋਈ ਫੀਸ ਨਾ ਲਗਾਈ ਜਾਵੇ। ਇਹ ਵਾਰ-ਵਾਰ ਇਥੋਂ ਤੱਕ ਕਿ ਜਾਇੰਟ ਸਕੱਤਰ ਪੱਧਰ ਤੱਕ ਦੀਆਂ ਮੀਟਿੰਗਾ ਅਤੇ ਡਿਪਲੋਮੈਟਿਕ ਪੱਧਰ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਸ਼ਰਤ ਭਾਰਤੀ ਤੀਰਥ ਯਾਤਰੀਆਂ ਦੀਆਂ ਧਾਰਮਿਕ ਅਤੇ ਰੂਹਾਨੀ ਭਾਵਨਾਵਾਂ ਅਨੁਸਾਰ ਠੀਕ ਨਹੀਂ ਹੈ। ਭਾਰਤ ਨੇ ਪਾਕਿਸਤਾਨ ਕੋਲ ਇਸ ਗੱਲ ਲਈ ਆਪਣੀ ਨਾਰਾਜ਼ਗੀ ਜਤਾਈ ਕਿ ਉਹ ਫੀਸ ਮੁਆਫ ਨਹੀਂ ਕਰ ਰਿਹਾ ਪਰ ਤੀਰਥ ਯਾਤਰੀਆਂ ਦੇ ਹਿੱਤ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚਾਲੂ ਹੋਣ ਲਈ ਭਾਰਤ ਅੱਜ ਇਸ ਸਮਝੌਤੇ ਉੱਤੇ ਦਸਤਖਤ ਕਰਨ ਲਈ ਤਿਆਰ ਹੋ ਗਿਆ। ਭਾਵੇਂ ਕਿ ਸਮਝੌਤੇ ਉੱਤੇ ਦਸਤਖਤ ਹੋ ਗਏ ਹਨ ਪਰ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕਰੀ ਜਾ ਰਹੀ ਹੈ ਕਿ ਉਹ ਫੀਸ ਲੈਣ ਦੀ ਆਪਣੀ ਸ਼ਰਤ ਉੱਤੇ ਮੁਡ਼ ਵਿਚਾਰ ਕਰੇ। ਭਾਰਤ ਇਸ ਹਿਸਾਬ ਨਾਲ ਸਮਝੌਤੇ ਵਿਚ ਸੋਧ ਕਰਨ ਲਈ ਤਿਆਰ ਹੈ।
ਭਾਰਤ ਇਸ ਗੱਲ ਤੇ ਲਗਾਤਾਰ ਜ਼ੋਰ ਦੇ ਰਿਹਾ ਹੈ ਕਿ ਇਸ ਲਾਂਘੇ ਲਈ ਸਾਰੇ ਮੌਸਮਾਂ ਦੀ ਕੁਨੈਕਟਿਵਿਟੀ ਜਾਰੀ ਰੱਖੀ ਜਾਵੇ। ਇਸ ਸੰਦਰਭ ਵਿਚ ਭਾਰਤ ਸਰਕਾਰ ਨੇ ਅੰਤਰਿਮ ਸਮਝੌਤੇ ਵਜੋਂ ਭਾਰਤੀ ਪਾਸੇ ਵੱਲ ਇਕ ਪੁਲ ਤਿਆਰ ਕੀਤਾ ਹੈ ਅਤੇ ਇਕ ਆਰਜ਼ੀ ਸਡ਼ਕ ਵੀ ਬਣਾਈ ਹੈ। ਆਸ ਹੈ ਕਿ ਪਾਕਿਸਤਾਨ ਆਪਣੇ ਭਰੋਸੇ ਉੱਤੇ ਪੂਰਾ ਉਤਰੇਗਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਪਾਸੇ ਪੁਲ ਬਣਾਵੇਗਾ।
ਤੀਰਥ ਯਾਤਰੀਆਂ ਦੀ ਸਹੂਲਤ ਲਈ ਪ੍ਰਬੰਧ
ਸਾਰਾ ਲੋਡ਼ੀਂਦਾ ਢਾਂਚਾ ਜਿਵੇਂ ਕਿ ਹਾਈਵੇ ਅਤੇ ਯਾਤਰੀ ਟਰਮੀਨਲ ਬਿਲਡਿੰਗ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਤਕਰੀਬਨ ਤਿਆਰੀ ਦੇ ਕੰਢੇ ਤੇ ਹਨ। ਤੀਰਥ ਯਾਤਰੀਆਂ ਲਈ ਇਕ ਮਜ਼ਬੂਤ ਸੁਰੱਖਿਆ ਢਾਂਚਾ ਤਿਆਰ ਹੈ ਜਿਸ ਰਾਹੀਂ ਉਨ੍ਹਾਂ ਦਾ ਸਫਰ ਸੁਖਾਲਾ ਅਤੇ ਨਿਰਵਿਘਨ ਜਾਰੀ ਰਹੇ।
ਤੀਰਥ ਯਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ prakashpurb550.mha.gov.in ਅੱਜ ਤੋਂ ਸਰਗਰਮ ਹੋ ਚੁੱਕਾ ਹੈ। ਤੀਰਥ ਯਾਤਰੀਆਂ ਨੂੰ ਆਪਣੇ ਆਪ ਨੂੰ ਇਸ ਪੋਰਟਲ ਉੱਤੇ ਲਾਜ਼ਮੀ ਤੌਰ ਤੇ ਰਜਿਸਟਰ ਕਰਵਾਉਣਾ ਪਵੇਗਾ ਅਤੇ ਉਸ ਲਈ ਯਾਤਰਾ ਦੀ ਤਰੀਕ ਵੀ ਦੱਸਣੀ ਪਵੇਗੀ। ਤੀਰਥ ਯਾਤਰੀਆਂ ਨੂੰ ਐਸਐਮਐਸ ਜਾਂ ਈ-ਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਤਸਦੀਕ ਬਾਰੇ ਦੱਸਿਆ ਜਾਵੇਗਾ। ਇਕ ਇਲੈਕਟ੍ਰਾਨਿਕ ਯਾਤਰਾ ਅਥਾਰਟੀ ਤਿਆਰ ਹੋ ਜਾਵੇਗੀ। ਯਾਤਰੀਆਂ ਨੂੰ ਯਾਤਰੀ ਟਰਮੀਨਲ ਬਿਲਡਿੰਗ ਵਿਚ ਪਹੁੰਚਣ ਸਮੇਂ ਇਹ ਇਲੈਕਟ੍ਰਾਨਿਕ ਯਾਤਰਾ ਅਧਿਕਾਰ ਪੱਤਰ ਆਪਣੇ ਪਾਸਪੋਰਟ ਨਾਲ ਆਪਣੇ ਕੋਲ ਰੱਖਣਾ ਪਵੇਗਾ।