ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਨਵੰਬਰ 2019- ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਮਗਰੋਂ ਭਾਰੀ ਸੰਖਿਆ ਵਿੱਚ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਪਰ ਇਹਨਾਂ ਸ਼ਰਧਾਲੂਆਂ ਨੂੰ ਯਾਤਰਾ ਦੀ ਪੂਰੀ ਜਾਣਕਾਰੀ ਨਾ ਹੋਣ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਰਜਿਸਟ੍ਰੇਸ਼ਨ ਕਰਾਉਣ ਲਈ ਤਿਆਰ ਕੀਤੀ ਗਈ ਵੈੱਬਸਾਈਟ ਵਿੱਚ ਕੁੱਝ ਕਮੀਆਂ ਹੋਣ ਕਾਰ ਇਹਨਾਂ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਸ਼ਰਧਾਲੂ ਤਾਂ ਜਾਣਕਾਰੀ ਨਾ ਹੋਣ ਕਾਰਨ ਬਿਨਾ ਪਾਸਪੋਰਟ ਅਤੇ ਬਿਨਾ ਰਜਿਸਟ੍ਰੇਸ਼ਨ ਕਰਵਾਇਆਂ ਹੀ ਡੇਰਾ ਬਾਬਾ ਨਾਨਕ ਪਹੁੰਚ ਕੇ ਨਿਰਾਸ਼ ਹੋ ਕੇ ਪਰਤ ਰਹੇ ਹਨ। ਅਜਿਹੇ ਹੀ ਕੁੱਝ ਸ਼ਰਧਾਲੂਆਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਰੇ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ, ਪਰ ਜਦੋਂ ਉਹ ਯਾਤਰਾ ਤੇ ਜਾਣ ਲਈ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਹੀ ਯਾਤਰਾ ਤੇ ਜਾਣ ਦੀ ਇਜਾਜ਼ਤ ਦਿੱਤੀ ਗਈ। ਇਹਨਾਂ ਸ਼ਰਧਾਲੂਆਂ ਦੀ ਮੰਗ ਹੈ ਕਿ ਜੇਕਰ ਪੂਰੇ ਪਰਿਵਾਰ ਨੂੰ ਇਕੱਠੇ ਯਾਤਰਾ ਤੇ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਵੈੱਬਸਾਈਟ ਤੋਂ ਗਰੁੱਪ ਰਜਿਸਟ੍ਰੇਸ਼ਨ ਦੀ ਆਪਸ਼ਨ ਹਟਾਈ ਜਾਣੀ ਚਾਹੀਦੀ ਹੈ।
ਇਸ ਮਾਮਲੇ ਸਬੰਧੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਦੇ ਕਾਰੀਡੋਰ ਵਿਖੇ ਪਹੁੰਚੇ ਸ਼ਰਧਾਲੂਆਂ ਨਾਲ ਗੱਲ ਕਰਨ ਤੇ ਅੰਮ੍ਰਿਤਸਰ ਤੋਂ ਆਏ ਸੁੱਚਾ ਸਿੰਘ ਕਾਹਲੋਂ, ਵਿਚਿੱਤਰ ਸਿੰਘ, ਚਰਨਜੀਤ ਕੌਰ ਦੱਸਿਆ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾਣ ਸਬੰਧੀ ਜਦੋਂ ਰਜਿਸਟ੍ਰੇਸ਼ਨ ਕਰਵਾਈ ਸੀ ਤਾਂ ਵੈੱਬਸਾਈਟ ਵਿਖੇ ਦਿੱਤੀ ਗਈ ਗਰੁੱਪ ਰਜਿਸਟ੍ਰੇਸ਼ਨ ਵਾਲੀ ਆਪਸ਼ਨ ਰਾਹੀਂ ਪੂਰੇ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾਈ ਸੀ। ਪਰ ਜਦੋਂ ਉਹ ਯਾਤਰਾ ਸਬੰਧੀ ਰਵਾਨਾ ਹੋਣ ਲਈ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕਾਰੀਡੋਰ ਵਿਖੇ ਯਾਤਰੀ ਟਰਮੀਨਲ ਤੇ ਪਹੁੰਚੇ ਤਾਂ ਅਧਿਕਾਰੀਆਂ ਵੱਲੋਂ ਵੈੱਬਸਾਈਟ ਵਿੱਚ ਗਰੁੱਪ ਰਜਿਸਟ੍ਰੇਸ਼ਨ ਦੀ ਆਪਸ਼ਨ ਨਾ ਹੋਣ ਦੀ ਗੱਲ ਕਹਿੰਦਿਆਂ ਪੂਰੇ ਪਰਿਵਾਰ ਵਿੱਚੋਂ ਸਿਰਫ਼ ਇੱਕ ਹੀ ਮੈਂਬਰ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਗਈ।
ਜਿਸ ਕਾਰਨ ਉਹ ਸਿਰਫ਼ ਦੂਰਬੀਨਾਂ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਦ ਵਾਪਸ ਮੁੜਨ ਲਈ ਮਜਬੂਰ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਅਤੇ ਸਰਕਾਰ ਤੋਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਗਰੁੱਪ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਤਾਂ ਗਰੁੱਪ ਰਜਿਸਟ੍ਰੇਸ਼ਨ ਦੀ ਆਪਸ਼ਨ ਨੂੰ ਵੈੱਬਸਾਈਟ ਤੋਂ ਹਟਾਇਆ ਜਾਵੇ। ਤਾਂ ਜੋ ਕਿਸੇ ਸ਼ਰਧਾਲੂ ਨੂੰ ਬਿਨਾ ਦਰਸ਼ਨ ਕੀਤੇ ਮੁੜਨਾ ਨਾ ਪਵੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਪਾਸਪੋਰਟ ਦੀ ਜ਼ਰੂਰਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਭਾਰਤ ਵੱਲੋਂ ਹੁਣ ਵੀ ਪਾਸਪੋਰਟ ਨੂੰ ਜ਼ਰੂਰੀ ਰੱਖਿਆ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਮੌਜੂਦਾ ਸਮੇਂ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਸਬੰਧੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨਾ ਕਾਫ਼ੀ ਹੈ, ਜਿਸ ਕਾਰਨ ਪੰਜਾਬ ਸਮੇਤ ਭਾਰਤ ਦੇ ਦੂਸਰੇ ਰਾਜਾਂ ਵਿੱਚੋਂ ਡੇਰਾ ਬਾਬਾ ਨਾਨਕ ਪਹੁੰਚ ਰਹੇ ਸ਼ਰਧਾਲੂ ਖੱਜਲ ਖ਼ੁਆਰ ਹੋਣ ਲਈ ਮਜਬੂਰ ਹਨ। ਉੱਥੇ ਦੂਜੇ ਪਾਸੇ ਉਕਤ ਮਾਮਲੇ ਸਬੰਧੀ ਗੱਲ ਬਾਤ ਕਰਨ ਅਤੇ ਮੀਡੀਆ ਰਾਹੀਂ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਸਬੰਧਿਤ ਵਿਭਾਗ ਦਾ ਕੋਈ ਵੀ ਅਧਿਕਾਰੀ ਅੱਗੇ ਨਹੀਂ ਆ ਰਿਹਾ।
ਪਰ ਜੇ ਕਰ ਭਰੋਸੇ ਯੋਗ ਸੂਤਰਾਂ ਦੀ ਮੰਨੀਏ ਤਾਂ ਫ਼ਿਲਹਾਲ ਦੋਹਾਂ ਦੇਸ਼ਾਂ ਦੇ ਯਾਤਰੀ ਟਰਮੀਨਲਾਂ ਤੇ 5 ਹਜ਼ਾਰ ਯਾਤਰੀਆਂ ਨੂੰ ਸੰਭਾਲਣ ਲਈ ਲੋੜੀਂਦਾ ਸਟਾਫ਼ ਮੁਹੱਈਆ ਨਹੀਂ ਹੈ ਅਤੇ ਫਿਲਹਾਲ ਭਾਰਤ ਵੱਲੋਂ ਪਾਕਿਸਤਾਨ ਨੂੰ ਯਾਤਰਾ ਸਬੰਧੀ ਰੋਜ਼ਾਨਾ 500 ਸ਼ਰਧਾਲੂਆਂ ਦੇ ਨਾਂ ਭੇਜੇ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਪਾਕਿਸਤਾਨ ਵੱਲੋਂ ਸਿਰਫ਼ 250 ਤੋਂ 300 ਯਾਤਰੀਆਂ ਨੂੰ ਹੀ ਆਪਣੇ ਦੇਸ਼ ਵਿਖੇ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।ਪਾਕਿਸਤਾਨ ਵੱਲੋਂ ਘੱਟ ਲੋਕਾਂ ਨੂੰ ਯਾਤਰਾ ਦੀ ਆਗਿਆ ਦਿੱਤੇ ਜਾਣ ਕਾਰਨ ਜਿੱਦਾਂ ਦੀ ਰਜਿਸਟ੍ਰੇਸ਼ਨ ਵਾਲੀ ਵੈੱਬਸਾਈਟ ਤੇ 500 ਸ਼ਰਧਾਲੂਆਂ ਵੱਲੋਂ ਰਜਿਸਟ੍ਰੇਸ਼ਨ ਕੀਤੇ ਜਾਣ ਤੋਂ ਮਗਰੋਂ ਉਸ ਦਿਨ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਦ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਅਗਲੇ ਦਿਨ ਲਈ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ।ਇਸ ਦੇ ਨਾਲ ਹੀ ਬਹੁਤ ਸਾਰੇ ਸ਼ਰਧਾਲੂ ਜਾਣਕਾਰੀ ਦੀ ਘਾਟ ਕਾਰਨ ਸਿਰਫ ਅਧਾਰ ਕਾਰਡ ਲੈ ਕੇ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾਣ ਲਈ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ, ਪਰ ਪਾਸਪੋਰਟ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਬਿਨਾ ਯਾਤਰਾ ਕੀਤੇ ਹੀ ਵਾਪਸ ਮੁੜਨਾ ਪੈ ਰਿਹਾ ਹੈ।
ਦੱਸਦੇ ਚੱਲੀਏ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਪਾਸਪੋਰਟ ਦੀ ਲੋੜ ਖ਼ਤਮ ਕੀਤੇ ਜਾਣ ਸਬੰਧੀ ਬਿਆਨ ਜ਼ਰੂਰ ਦਿੱਤਾ ਗਿਆ ਸੀ, ਪਰ ਭਰੋਸੇ ਯੋਗ ਸੂਤਰਾਂ ਮੁਤਾਬਿਕ ਪਾਕਿਸਤਾਨ ਵੱਲੋਂ ਭਾਰਤ ਸਰਕਾਰ ਨੂੰ ਇਸ ਸਬੰਧੀ ਕੋਈ ਵੀ ਲਿਖਤ ਜਾਣਕਾਰੀ ਨਹੀਂ ਦਿੱਤੀ ਗਈ।ਹਾਲਾਂ ਕਿ ਇਸ ਤੋਂ ਬਾਦ ਪਾਕਿਸਤਾਨੀ ਸੈਨਾ ਮੁਖੀ ਵੱਲੋਂ ਆਪਣੇ ਹੀ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਕੱਟਦਿਆਂ ਪਾਸਪੋਰਟ ਦੀ ਜ਼ਰੂਰਤ ਨੂੰ ਲਾਜ਼ਮੀ ਦੱਸਿਆ ਗਿਆ ਸੀ, ਜੋ ਕਿ ਆਨ ਰਿਕਾਰਡ ਹੈ।ਇਸ ਲਈ ਸਾਡੀ ਅਪੀਲ ਹੈ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਜਾਣ ਦੇ ਚਾਹਵਾਨ ਪਹਿਲਾਂ ਆਪਣੇ ਨਜ਼ਦੀਕੀ ਸੁਵਿਧਾ ਕੇਂਦਰ ਜਾਂ ਸਾਈਬਰ ਕੈਫ਼ੇ ਤੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਯਾਤਰਾ ਤੇ ਜਾਣ ਸਮੇਂ ਆਪਣਾ ਪਾਸਪੋਰਟ ਲਾਜ਼ਮੀ ਤੌਰ ਤੇ ਨਾਲ ਲੈ ਕੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕਾਰੀਡੋਰ ਵਿਖੇ ਪਹੁੰਚਣ, ਨਹੀਂ ਤਾਂ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਇਹ ਵੀ ਦੱਸਦੇ ਚੱਲੀਏ ਕਿ ਪਾਕਿਸਤਾਨ ਜਾਂ ਭਾਰਤ ਸਰਕਾਰ ਵੱਲੋਂ ਇਸ ਯਾਤਰਾ ਦੌਰਾਨ ਤੁਹਾਡੇ ਪਾਸਪੋਰਟ ਤੇ ਕਿਸੇ ਕਿਸਮ ਦੀ ਕੋਈ ਮੋਹਰ ਨਹੀਂ ਲਾਈ ਜਾਂਦੀ।ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੂੰ ਤੁਹਾਡੇ ਪਾਸਪੋਰਟ ਦੀ ਲੋੜ ਸਿਰਫ ਇੱਕ ਇੰਟਰਨੈਸ਼ਨਲ ਪਹਿਚਾਣ ਪੱਤਰ ਦੇ ਤੌਰ ਤੇ ਵੇਖਣ ਦੀ ਹੈ।