ਬੱਸ ਕਾਮਿਆਂ ਅਤੇ ਬੱਸ ਕੰਪਨੀ ਵਿਚ ਹੋਇਆ ਸਮਝੌਤਾ- ਕਾਮਿਆਂ ਵੱਲੋਂ ਆਪਣਾ ਜੌਬ ਐਕਸ਼ਨ ਖਤਮ
ਵੈਨਕੂਵਰ ਵਿਚ ਹੁਣ ਆਮ ਵਾਂਗ ਚੱਲਣਗੀਆਂ ਬੱਸਾਂ
ਹਰਦਮ ਮਾਨ
ਸਰੀ, 28 ਨਵੰਬਰ, 2019 : ਬੱਸ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ “ਯੂਨੀਫੋਰ” ਅਤੇ ਕੋਸਟ ਮਾਉਂਟੇਨ ਬੱਸ ਕੰਪਨੀ ਦੇ ਵਿਚਕਾਰ ਬੀਤੀ ਅੱਧੀ ਰਾਤ ਨੂੰ ਕੰਮਕਾਜੀ ਸਮਝੌਤਾ ਹੋਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਕਾਮਿਆਂ ਨੇ ਆਪਣਾ ਜੌਬ ਐਕਸ਼ਨ ਖਤਮ ਕਰ ਦਿੱਤਾ ਅਤੇ ਮੈਟਰੋ ਵੈਨਕੂਵਰ ਵਿਚ ਬੱਸ ਸੇਵਾ ਆਮ ਵਾਂਗ ਹੋ ਰਹੀ ਹੈ। ਬੱਸ ਸੇਵਾ ਤੇ ਨਿਰਭਰ ਹਜਾਰਾਂ ਮੁਸਾਫਰਾਂ ਨੇ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਜਾਣ ਤੇ ਸੁਖ ਦਾ ਸਾਹ ਲਿਆ ਹੈ।
ਯੂਨੀਫੋਰ ਦੇ ਕੌਮੀ ਪ੍ਰਧਾਨ ਜੈਰੀ ਡਿਆਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਸਾਡਾ ਟ੍ਰਾਂਸ ਲਿੰਕ ਨਾਲ ਇੱਕ ਆਰਜ਼ੀ ਸਮਝੌਤਾ ਹੋਇਆ ਹੈ।“ ਦੂਜੇ ਪਾਸੇ ਕੋਸਟ ਮਾਊਂਟੇਨ ਬੱਸ ਕੰਪਨੀ ਦੇ ਪ੍ਰਧਾਨ ਮਾਈਕਲ ਮੈਕਡਾਨੀਏਲ ਨੇ ਕਿਹਾ, ”ਇਸ ਸਮਝੌਤੇ ਦੇ ਨਤੀਜੇ ਵਜੋਂ, ਸਾਡੇ ਕਰਮਚਾਰੀ ਇੱਕ ਮੁਕਾਬਲੇ ਵਾਲੇ ਪੈਕੇਜ ਦਾ ਲਾਭ ਲੈਣਗੇ ਜਿਸ ਵਿੱਚ ਤਨਖਾਹ, ਲਾਭ ਅਤੇ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਕੀਤਾ ਗਿਆ ਹੈ।
ਇਸੇ ਦੌਰਾਨ ਟ੍ਰਾਂਸ ਲਿੰਕ ਦੇ ਬੁਲਾਰੇ ਨੇ ਕਿਹਾ ਹੈ ਕਿ ਬੱਸ ਸੇਵਾ ਆਮ ਵਾਂਗ ਵਾਪਸ ਆ ਰਹੀ ਹੈ ਪਰ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਫਿਰ ਵੀ ਆਮ ਨਾਲੋਂ ਲੰਮਾਂ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਸਿਸਟਮ ਨੂੰ ਦੁਬਾਰਾ ਲੀਹ ਤੇ ਲਿਆਂਦਾ ਜਾ ਰਿਹਾ ਹੈ।
ਉੱਤਰੀ ਵੈਨਕੂਵਰ ਅਤੇ ਸ਼ਹਿਰ ਵੈਨਕੁਵਰ ਦੇ ਵਿਚਕਾਰ ਸੀ-ਬੱਸ ਆਮ ਵਾਂਗ ਚੱਲ ਰਹੀ ਹੈ।
ਬੀ.ਸੀ. ਕਿਰਤ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਉਹ ਸਮਝੌਤੇ ਦੀ ਖ਼ਬਰ ਸੁਣ ਕੇ ਉਨ੍ਹਾਂ ਸੁਖ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਰਾਤ ਨੂੰ ਉਹ ਗੱਲਬਾਤ ਦੀ ਪ੍ਰਗਤੀ ਨਾਲ ਜੁੜੇ ਹੋਏ ਸਨ ਪਰ ਸਿੱਧੇ ਤੌਰ ‘ਤੇ ਸਮਝੌਤੇ ਵਿੱਚ ਸ਼ਾਮਲ ਨਹੀਂ ਸਨ।