ਇਕ ਪਾਸੇ ਹੈ ਕੋਰੋਨਾ ਦਾ ਸ਼ੋਰ - ਦੂਜੇ ਪਾਸੇ ਸਾਈਬਰ ਕ੍ਰਾਈਮ ਦਾ ਜ਼ੋਰ
ਹਰਦਮ ਮਾਨ
ਸਰੀ, 2 ਮਈ 2020-ਇਕ ਪਾਸੇ ਕੈਨੇਡੀਅਨ ਲੋਕ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਹਨ ਪਰ ਦੂਜੇ ਪਾਸੇ ਸਾਈਬਰ ਕ੍ਰਾਈਮ ਅਨਸਰਾਂ ਨੇ ਇਸ ਮੌਕੇ ਨੂੰ ਆਪਣੇ ਅਨੁਕੂਲ ਸਮਝਦਿਆਂ ਆਪਣੀਆਂ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਹੈ ਅਤੇ ਲੋਕਾਂ ਨੂੰ ਧੋਖਾਧੜੀ ਦੇ ਜਾਲ ਵਿਚ ਫਸਾਇਆ ਜਾ ਰਿਹਾ ਹੈ।
ਕੈਨੇਡੀਅਨ ਐਂਟੀ-ਫਰਾਡ ਵਿਭਾਗ ਵੱਲੋਂ ਜਾਰੀ ਇਕ ਰਿਪੋਰਟ ਅਨੁਸਾਰ ਪਿਛਲੇ ਦਿਨਾਂ ਵਿਚ ਸਾਈਬਰ ਕ੍ਰਾਈਮ ਸਬੰਧੀ ਕਾਫੀ ਵਾਧਾ ਹੋਇਆ ਹੈ। ਇਸ ਵਿਭਾਗ ਨੂੰ 739 ਸ਼ਿਕਾਇਤਾਂ ਮਿਲੀਆਂ ਹਨ ਅਤੇ 178 ਲੋਕ ਇਸ ਧੋਖਾਧੜੀ ਦੀ ਲਪੇਟ ਵਿਚ ਆ ਕੇ ਆਪਣੇ 1.2 ਮਿਲੀਅਨ ਡਾਲਰ ਗੁਆ ਚੁੱਕੇ ਹਨ।
ਕੈਨੇਡੀਅਨ ਐਂਟੀ-ਫਰਾਡ ਸੈਂਟਰ ਦੇ ਮੁੱਖ ਅਧਿਕਾਰੀ ਜੈਫ਼ ਥਾਮਸ ਅਨੁਸਾਰ ਧੋਖੇਬਾਜ਼ਾਂ ਵਲੋਂ ਲੋਕਾਂ ਨੂੰ ਫਰਜ਼ੀ ਈ-ਮੇਲਾਂ ਭੇਜ ਕੇ ਜਾਂ ਮੈਸਿਜ਼ ਕਰਕੇ ਕੋਵਿਡ-19 ਸਬੰਧੀ ਕਈ ਕਿਸਮ ਦੇ ਝਾਂਸੇ ਦਿੱਤੇ ਜਾਂਦੇ ਹਨ ਅਤੇ ਇਸ ਸਬੰਧੀ ਜ਼ਿਆਦਾਤਰ ਕੋਵਿਡ-19 ਦੇ ਮਰੀਜ਼ਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਕਿਸੇ ਵੀ ਅਣਜਾਣ ਈ-ਮੇਲ ਜਾਂ ਮੈਸਿਜ਼ ਦੀ ਪੂਰੀ ਤਰ੍ਹਾਂ ਪੜਤਾਲ ਨਹੀਂ ਕਰਦੇ ਅਤੇ ਧੋਖਾਧੜੀ ਵਿਚ ਆ ਜਾਂਦੇ ਹਨ। ਲੋਕਾਂ ਦਾ ਇਸ ਧੋਖਾਧੜੀ ਦੇ ਸ਼ਿਕਾਰ ਬਣਨ ਦਾ ਇਕ ਕਾਰਨ ਇਹ ਵੀ ਹੈ ਕਿ ਆਉਣ ਵਾਲੀਆਂ ਈਮੇਲਾਂ ਜਾਂ ਮੈਸਿਜ਼ ਸਰਕਾਰੀ ਈਮੇਲ ਜਾਂ ਨੰਬਰਾਂ ਨਾਲ ਕਾਫੀ ਹੱਦ ਤੱਕ ਮਿਲਦੇ ਜੁਲਦੇ ਹੀ ਹੁੰਦੇ ਹਨ ਜਿਸ ਕਾਰਨ ਲੋਕਾਂ ਨੂੰ ਸਹੀ ਗਲਤ ਦੀ ਪਛਾਣ ਕਰਨ ‘ਚ ਮੁਸ਼ਕਲ ਹੋ ਜਾਂਦੀ ਹੈ।
ਕੈਨੇਡੀਅਨ ਐਂਟੀ-ਫਰਾਡ ਸੈਂਟਰ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਜਿਹੀ ਧੋਖਾਧੜੀ ਤੋਂ ਬਚਿਆ ਜਾਵੇ। ਲੋਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ ਹੈ ਕਿ ਸਰਕਾਰ ਵਲੋਂ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਈਮੇਲ ਜਾਂ ਫੋਨ ਰਾਹੀਂ ਨਹੀਂ ਮੰਗੀ ਜਾਂਦੀ।
ਕੈਨਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ ਦੇ ਬੁਲਾਰੇ ਰਿਆਨ ਫੋਰਮੈਨ ਨੇ ਦੱਸਿਆ ਹੈ ਕਿ ਅਜਿਹੀਆਂ 1500 ਬੋਗਸ ਸਾਈਟਾਂ ਬੰਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ, ਕੈਨੇਡਾ ਰੈਵੀਨਿਊ ਏਜੰਸੀ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਂ ਦੀ ਵਰਤੋਂ ਕਰ ਰਹੀਆਂ ਸਨ ਪਰ ਇਹ ਸਾਈਟਾਂ ਸਾਈਬਰ-ਅਪਰਾਧ ਅਤੇ ਧੋਖਾਧੜੀ ਨਾਲ ਸਬੰਧਤ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਆਟੋਮੈਟਿਕ ਪ੍ਰਕਿਰਿਆ ਰਾਹੀਂ ਵਿਸ਼ਵ ਪੱਧਰ ਤੇ ਅਜਿਹੀਆਂ ਕੋਸ਼ਿਸਾਂ ਚੱਲ ਰਹੀਆਂ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com