ਹਰਦਮ ਮਾਨ
ਸਰੀ, 25 ਦਸੰਬਰ -ਅੰਬੇਡਕਰ ਇੰਟਰਨੈਸ਼ਨਲ ਸੋਸ਼ਲ ਰੀਫੋਰਮ ਆਰਗੇਨਾਈਜੇਸ਼ਨ (ਐਸਰੋ) ਕੈਨੇਡਾ ਵਲੋਂ ਖੰਨਾ ਬੈਂਕੁਅਟ ਹਾਲ ਸਰੀ ਵਿਖੇ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਤੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿਟੀ ਆਫ ਸਰੀ ਦੇ ਕੌਂਸਲਰ ਸ੍ਰੀ ਮਨਦੀਪ ਨਾਗਰਾ ਮੁੱਖ ਮਹਿਮਾਨ ਵਜੋਂ ਪੁੱਜੇ। ਸ੍ਰੀ ਨਾਗਰਾ ਨੇ ਪ੍ਰਭੂ ਯੀਸੂ ਮਸੀਹ ਨੂੰ ਯਾਦ ਕਰਦਿਆਂ ਕੈਂਡਲ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸਭ ਨੂੰ ਨਵਾਂ ਸਾਲ ਮੁਬਾਰਕ ਕਿਹਾ। ਐਸਰੋ ਦੇ ਪ੍ਰਧਾਨ ਰਸ਼ਪਾਲ ਸਿੰਘ ਭਾਰਦਵਾਜ ਨੇ ਕਿਹਾ ਕਿ ਪ੍ਰਭੂ ਯੀਸੂ ਮਸੀਹ ਅਤੇ ਸਾਡੇ ਗੁਰੂਆਂ ਨੇ ਬਰਾਬਰਤਾ, ਆਪਸੀ ਭਾਈਚਾਰਕ ਸਾਂਝ ਰੱਖਣ ਤੇ ਔਰਤ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਸੰਸਥਾ ਦੇ ਕੈਸ਼ੀਅਰ ਮਦਨ ਕਰ੍ਹੜਾ ਨੇ ਦੱਸਿਆ ਕਿ ਦਾਨੀਆਂ ਦੀ ਬਦੌਲਤ ਐਸਰੋ ਕੇਨੈਡਾ ਸਮਾਜ ਸੇਵਾ ਲਈ ਬਚਨਬੱਧ ਹੈ। ਸੁਖਮਿੰਦਰ ਸਿੰਘ ਮਹੇ, ਗੁਰਮੇਲ ਸਿੰਘ ਪਾਲ ਨੇ ਸੰਸਥਾ ਵਾਸਤੇ ਦਾਨ ਇੱਕਤਰ ਕੀਤਾ।
ਪ੍ਰੋਗਰਾਮ ਤਰੰਨੁਮ ਪ੍ਰੀਤ ਨੇ ਪ੍ਰਭੂ ਯੀਸੂ ਮਸੀਹ ਬਾਰੇ ਆਪਣੇ ਸੁਰੀਲੇ ਗੀਤ ਰਾਹੀਂ ਸਰੋਤਿਆਂ ਨੂੰ ਕੀਲਿਆ। ਸਤਿਕਾਰਯੋਗ ਮਾਤਾਵਾਂ ਨੇ ਪੁਰਾਤਨ ਪੰਜਾਬੀ ਬੋਲੀਆਂ ਪੇਸ਼ ਕੀਤੀਆਂ, ਮਿਊਜ਼ੀਕਲ ਚੇਅਰ ਦਾ ਮੁਕਾਬਲਾ ਸੁਨੀਤਾ ਕਰੜ੍ਹਾ ਅਤੇ ਲਖਵਿੰਦਰ ਕੌਰ ਨੇ ਜਿੱਤਿਆ। ਭਾਰਤ ਤੋਂ ਆਈ ਗਾਇਕਾ ਮਨਪ੍ਰੀਤ ਮਾਹ੍ਹੀ ਨੇ ਸੁਰੀਲੀ ਆਵਾਜ਼ ਗੀਤ ਗਾ ਕੇ ਸਟੇਜ ਨੂੰ ਚਾਰ ਚੰਦ ਲਾਏ। ਸ਼ਸ਼ੀ ਝੱਲੀ ਨੇ ਐਸਰੋ ਕੈਨੈਡਾ ਵੱਲੋਂ ਔਰਤਾਂ ਨੂੰ ਸਨਮਾਨ ਦੇਣ ਦੀ ਸ਼ਲਾਘਾ ਕੀਤੀ। ਮੰਚ ਦਾ ਸੰਚਾਲਨ ਕਰ ਰਹੇ ਐਸਰੋ ਕੇਨੈਡਾ ਦੇ ਜਨਰਲ ਸਕੱਤਰ ਜੋਗਿਦਰ ਸਿੰਘ ਬੰਗੜ ਤੇ ਸਹਾਇਕ ਸਕੱਤਰ ਰਾਜ ਜੱਸੀ ਨੇ ਐਸਰੋ ਕੇਨੈਡਾ ਦੁਆਰਾ ਕੀਤੇ ਕੰਮਾਂ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਭਵਿੱਖ ਵਿਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਐਸਰੋ ਕੈਨੇਡਾ ਅਤੇ ਸਰੀ ਦੇ ਪ੍ਰਸਿੱਧ ਬਿਜ਼ਨਸਮੈਨ ਸਰਦਾਰ ਪਾਲ ਰੰਧਾਵਾ ਨੇ ਕੌਂਸਲਰ ਮਨਦੀਪ ਸਿੰਘ ਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਕੀਤੇ ਸ਼ਲਾਘਾਯੋਗ ਕਾਰਜਾਂ ਲਈ ਸਨਮਾਨਿਤ ਕੀਤਾ। ਵੈਨਕੂਵਰ ਦੇ ਅੰਬੇਡਕਰ ਵਿਚਾਰਸ਼ੀਲ ਤੇ ਸਮਾਜ ਸੇਵਕ ਪਰਮਜੀਤ ਸਿੰਘ ਲਾਖਾ ਨੇ ਪੱਤਰਕਾਰ ਹਰਨੇਕ ਵਿਰਦੀ ਦਾ ਸਨਮਾਨ ਕੀਤਾ।
ਇਸ ਖੂਬਸੂਰਤ ਕ੍ਰਿਸਮਸ ਪਾਰਟੀ ਦਾ ਅਨੰਦ ਮਾਣਨ ਵਾਲਿਆਂ ਵਿਚ ਸ਼੍ਰੀ ਗੁਰੁ ਰਵਿਦਾਸ ਸਭਾ ਬਰਨਬੀ ਦੇ ਬਿਮਲ ਬੈਂਸ, ਸੰਜੀਵ ਔਜਲਾ, ਅਨੀਸ਼ ਬਾਲੀ, ਰਮਨ ਸਿੰਧੂ, ਲੱਡੂ ਸਿੰਘ ਖਾਲਸਾ, ਚਮਨ ਸਿੰਘ ਸੁੰਡ, ਸੁਖਵਿੰਦਰ ਸਿੰਘ, ਰਾਮ ਪ੍ਰਕਾਸ਼ ਅਹੀਰ, ਪ੍ਰਿਸੀਪਲ ਹਜ਼ਾਰਾ ਸਿੰਘ, ਬਲਜਿੰਦਰ ਕੌਰ ਝੱਲੀ ਸ਼ਾਮਲ ਸਨ। ਸਭ ਨੇ ਇਕ ਦੂਜੇ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com