ਕੈਨੇਡਾ : ਬੀ.ਸੀ. ਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ
ਹਰਦਮ ਮਾਨ
ਸਰੀ, 7 ਦਸੰਬਰ, 2019 : ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟੀ ਜ਼ਰੂਰ ਹੈ ਪਰ ਬੀ.ਸੀ. ਕੋਰੋਨਰਜ਼ ਸਰਵਿਸ ਦਾ ਕਹਿਣਾ ਹੈ ਕਿ ਅਜੇ ਵੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸੜਕਾਂ ਤੇ’ ਜ਼ਹਿਰੀਲੀਆਂ ਦਵਾਈਆਂ ਦੀ ਸਪਲਾਈ ਹੋ ਰਹੀ ਹੈ।
ਬੀ.ਸੀ. ਕੋਰੋਨਰਜ਼ ਸਰਵਿਸ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਾਲ 2019 ਵਿਚ ਅਕਤੂਬਰ ਮਹੀਨੇ ਦੇ ਅੰਤ ਤੱਕ ਘਾਤਕ ਓਵਰਡੋਜ਼ ਨਾਲ ਘੱਟੋ ਘੱਟ 823 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਸਾਲ 2018 ਦੇ ਪਹਿਲੇ 10 ਮਹੀਨਿਆਂ ਵਿਚ ਇਹ ਗਿਣਤੀ 1,290 ਸੀ। ਸਾਲ 2019 ਵਿੱਚ ਹੁਣ ਤੱਕ ਵੈਨਕੂਵਰ ਵਿਚ 210, ਸਰੀ ਵਿਚ 105, ਵਿਕਟੋਰੀਆ ਵਿਚ 48 ਅਤੇ ਐਬਟਸਫੋਰਡ ਵਿਚ 39 ਮੌਤਾਂ ਹੋ ਚੁੱਕੀਆਂ ਹਨ। ਅਕਤੂਬਰ ਮਹੀਨੇ ਵਿੱਚ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ 69 ਲੋਕਾਂ ਦੀ ਮੌਤ ਹੋਈ ਹੈ, ਜੋ ਕਿ 2018 ਦੇ ਇਸੇ ਮਹੀਨੇ ਦੇ ਮੁਕਾਬਲੇ 42 ਪ੍ਰਤੀਸ਼ਤ ਘੱਟ ਹੈ, ਪਰ ਸਤੰਬਰ ਵਿੱਚ ਮਰਨ ਵਾਲੇ 57 ਵਿਅਕਤੀਆਂ ਦੇ ਮੁਕਾਬਲੇ 21 ਪ੍ਰਤੀਸ਼ਤ ਵੱਧ ਹੈ। 2019 ਦੇ ਪਹਿਲੇ 10 ਮਹੀਨਿਆਂ ਵਿੱਚ, ਬੀ.ਸੀ. ਪੈਰਾਮੇਡਿਕਸ ਨੂੰ ਓਵਰਡੋਜ਼ ਦੀਆਂ 20,000 ਤੋਂ ਵੱਧ ਕਾਲਾਂ ਆਈਆਂ ਅਰਥਾਤ ਇੱਕ ਦਿਨ ਵਿੱਚ ਔਸਤਨ 64 ਕਾਲਾਂ। ਤਾਜ਼ਾ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਓਵਰਡੋਜ਼ ਤੋਂ ਬਾਲਗ ਮਰਦ ਵੱਧ ਪ੍ਰਭਾਵਿਤ ਹੁੰਦੇ ਹਨ ਅਤੇ ਮਰਨ ਵਾਲੇ ਹਰੇਕ 10 ਵਿਚੋਂ 7 ਵਿਅਕਤੀ 30 ਤੋਂ 59 ਸਾਲ ਦੇ ਸਨ ਅਤੇ ਉਨ੍ਹਾਂ ਵਿੱਚੋਂ 77% ਮਰਦ ਸਨ।
ਚੀਫ ਕੋਰੋਨਰ ਲੀਜ਼ਾ ਲੈਪੋਇੰਟ ਨੇ ਕਿਹਾ ਕਿ ਬੇਸ਼ੱਕ ਮੌਤਾਂ ਦੀ ਗਿਣਤੀ ਘਟੀ ਹੈ ਪਰ ਆਪਣੇ ਸਿਹਤ-ਸੰਭਾਲ ਭਾਈਵਾਲਾਂ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਗੈਰ-ਘਾਤਕ ਓਵਰਡੋਜ਼ ਦੀ ਗਿਣਤੀ ਵਧੇਰੇ ਹੈ। ਉਸਨੇ ਕਿਹਾ ਕਿ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਆਈ ਕਮੀ ਇਕ ਚੰਗਾ ਰੁਝਾਨ ਹੈ ਪਰ ਸੂਬੇ ਵਿੱਚ ਨਸ਼ਿਆਂ ਦੀ ਹੋ ਰਹੀ ਸਪਲਾਈ ਦਾ ਕੋਈ ਅੰਦਾਜ਼ਾ ਨਹੀਂ ਹੈ ਅਤੇ ਨਸ਼ਿਆਂ ਦੇ ਇਸ ਜ਼ਹਿਰੀਲੇਪਣ ਦਾ ਪ੍ਰਭਾਵ ਲੰਮੇ ਸਮੇਂ ਲਈ ਗੰਭੀਰ ਹੋ ਸਕਦਾ ਹੈ।