ਕੈਨੇਡਾ ਦਾ ਬੌਕਸਿੰਗ ਡੇ
ਕਿਸੇ ਨੇ ਲਿਆ ਲਾਹਾ ਅਤੇ ਕਿਸੇ ਨੂੰ ਝੱਲਣੀ ਪਈ ਮਾਨਸਿਕ ਪ੍ਰੇਸ਼ਾਨੀ
ਹਰਦਮ ਮਾਨ
ਸਰੀ, 26 ਦਸੰਬਰ-26 ਦਸੰਬਰ ਕੈਨੇਡਾ ਭਰ ਵਿਚ ਬੌਕਸਿੰਗ ਡੇ ਕਰਕੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਵੱਡੇ ਵੱਡੇ ਸ਼ਾਪਿੰਗ ਕੇਂਦਰਾਂ ਵੱਲੋਂ ਆਪਣੀ ਸੇਲ ਉਪਰ ਵੱਡੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ। ਅੱਜ ਵੈਨਕੂਵਰ ਦੇ ਇਲਾਕੇ ਵਿਚ ਬੌਕਸਿੰਗ ਡੇ ਦੀ ਸੇਲ ਦਾ ਲਾਹਾ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ, ਉਥੇ ਹੀ ਵੈਨਕੂਵਰ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਪੁੱਜਣ ਵਾਲੇ ਸੈਂਕੜੇ ਯਾਤਰੀਆਂ ਨੂੰ ਲੰਮਾਂ ਸਮਾਂ ਟ੍ਰੈਫਿਕ ਭੀੜ ਵਿਚ ਰਹਿ ਕੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਏਅਰਪੋਰਟ ਦੇ ਨੇੜੇ ਮੈਕਆਰਥਰ ਗਲੇਨ ਆਉਟਲੈੱਟ ਸ਼ਾਪਿੰਗ ਸੈਂਟਰ, ਖਰੀਦਦਾਰਾਂ ਲਈ ਬਹੁਤ ਵੱਡਾ ਕੇਂਦਰ ਹੈ ਅਤੇ ਅੱਜ ਲੱਗਭੱਗ 50 ਹਜਾਰ ਵਿਅਕਤੀ ਇਸ ਮਾਲ ਵਿਚ ਖਰੀਦਦਾਰੀ ਕਰਨ ਲਈ ਆਏ ਜਿਸ ਕਾਰਨ ਏਅਰਪੋਰਟ ਰੋਡ ਤੇ ਸਾਰਾ ਦਿਨ ਵਾਹਨਾਂ ਦਾ ਤਾਂਤਾ ਲੱਗਿਆ ਰਿਹਾ।
ਏਅਰਪੋਰਟ ਤੇ ਜਾਣ ਵਾਲੇ ਬਹੁਤੇ ਮੁਸਾਫਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਇਸ ਸੜਕ ਉਪਰ ਏਨੀ ਭੀੜ ਕਦੇ ਨਹੀਂ ਸੀ ਦੇਖੀ ਅਤੇ ਨਾ ਹੀ ਕਦੇ ਏਨੀ ਪ੍ਰੇਸ਼ਾਨੀ ਸਹਿਣੀ ਪਈ । ਦੁਖੀ ਮੁਸਾਫਰਾਂ ਦਾ ਕਹਿਣਾ ਸੀ ਕਿ ਸਿਰਫ ਇਕ ਸ਼ਾਪਿੰਗ ਮਾਲ ਕਾਰਨ ਏਅਰਪੋਰਟ ਆਉਣ ਵਾਲੇ ਹਜਾਰਾਂ ਮੁਸਾਫਰਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨਾ ਉਕਾ ਹੀ ਵਾਜਿਬ ਨਹੀਂ ਅਤੇ ਵੈਨਕੂਵਰ ਸਿਟੀ ਕੌਂਸਲ ਵੱਲੋਂ ਇਸ ਦਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਇਹ ਵੀ ਦੱਸਣਯੋਗ ਹੈ ਕਿ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਯਾਤਰੀਆਂ ਨੂੰ ਪਹਿਲਾਂ ਹੀ ਇਸ ਆਉਣ ਵਾਲੀ ਪ੍ਰੇਸ਼ਾਨੀ ਬਾਰੇ ਸੂਚਿਤ ਕਰ ਦਿੱਤਾ ਸੀ ਅਤੇ ਮੁਸਾਫਰਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਹਵਾਈ ਅੱਡੇ ਦੀਆਂ ਆਪਣੈ ਵਾਹਨਾਂ ਨਹੀ ਪਾਰਕਿੰਗ ਸਥਾਨਾਂ ਦੀ ਪ੍ਰੀ-ਬੁਕਿੰਗ ਕਰਵਾ ਲੈਣ ।
ਇਹ ਵੀ ਵਰਨਣਯੋਗ ਹੈ ਕਿ ਬੌਕਸਿੰਗ ਡੇ ਸਾਲ ਦੇ ਸਭ ਤੋਂ ਰੁਝੇਵੇਂ ਵਾਲੇ ਸਫਰ ਦੇ ਦਿਨਾਂ ਵਿੱਚੋਂ ਇੱਕ ਹੈ ਅਤੇ ਇਸ ਦਿਨ 90,000 ਤੋਂ ਵੱਧ ਵਿਅਕਤੀ ਵੈਨਕੂਵਰ ਹਵਾਈ ਅੱਡੇ ਤੇ ਪਹੁੰਚਦੇ ਹਨ।