ਹਰਦਮ ਮਾਨ
ਸਰੀ, 28 ਦਸੰਬਰ 2019 - ਸਰਬੰਸ ਦਾਨੀ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਨੇ ਗੁਰਦਆਰਾ ਸੱਚਾ ਮਾਰਗ, ਆਬਰਨ ਵਿਖੇ ਦੇਗ ਤੇਗ ਕਮਿਊਨਿਟੀ ਕਿਚਨ ਅਤੇ ਸਿੱਖ ਯੂਥ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਜਿਸ ਵਿੱਚ ਬੜੇ ਹੀ ਉਤਸ਼ਾਹ ਨਾਲ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਨੇ ਖੂਨ-ਦਾਨ ਕਰਕੇ ਆਪਣੇ ਸਾਹਿਬੇ ਕਮਾਲ ਦੀ ਪਿਰਤ ਨੂੰ ਅੱਗੇ ਤੋਰਿਆ।
ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਦੁਨੀਆਂ ਦੇ ਇਤਿਹਾਸ ਵਿੱਚ ਖਾਲਸਾ ਪੰਥ ਜਿਹੀ ਲੋਕ ਸੇਵਕ ਸੰਸਥਾ ਕਾਇਮ ਕਰਕੇ ਗਊ ਗਰੀਬ ਨੂੰ ਅੱਤਿਆਚਾਰਾਂ ਤੋਂ ਬਚਾਉਣ ਅਤੇ ਊਚ-ਨੀਚ ਖਤਮ ਕਰਕੇ ਬਰਾਬਰਤਾ ਦਾ ਅਧਿਕਾਰ ਦਿਵਾਉਣ ਵਾਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਬੜੇ ਹੀ ਜ਼ਜਬਾਤੀ ਅਤੇ ਜ਼ੋਸ਼ੀਲੇ ਸ਼ਬਦਾਂ `ਚ ਕਵੀਆਂ ਨੇ ਪੇਸ਼ ਕੀਤਾ। ਪ੍ਰਭਜੀਤ ਸਿੰਘ ਅਤੇ ਲਵਲੀਨ ਕੌਰ ਬੱਚਿਆਂ ਦੀ ਮਿੱਠੀ ਆਵਾਜ਼ ਅਤੇ ਮਨਰਾਜ ਦੀ ਦਿਲ-ਖਿੱਚਵੀਂ ਆਵਾਜ਼ ਨੇ ਸੰਗਤ ਨੂੰ ਮੰਤਰ-ਮੁਗਧ ਕਰੀ ਰੱਖਿਆ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਡਾ.ਜੇ.ਬੀ. ਸਿੰਘ ਨੇ ਅੱਜ ਦੇ ਮਖੌਟਾਧਾਰੀ ਗੰਗੂਆਂ ਉਪਰ ਵਿਅੰਗਮਈ ਕਵਿਤਾ ਪੜ੍ਹੀ, ਸਭਾ ਦੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ ਨੇ ‘ਤੇਰੇ ਸਾਹਿਬਜ਼ਾਦੇ ਨੀਹਾਂ ਵਿੱਚ ਦਿੱਤੇ ਚਿਣ ਦਾਤਿਆ...’ ਕਵਿਤਾ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਦਹਾਕਿਆਂ ਤੋਂ ਅਮਰੀਕਾ ਦੀ ਧਰਤੀ ਤੇ ਗੁਰੂ ਘਰਾਂ ਦੀ ਸੇਵਾ ਅਤੇ ਮਾਨਵਤਾ ਦੀ ਸੇਵਾ ਕਰ ਰਹੇ ਹਰਸ਼ਿੰਦਰ ਸਿੰਘ ਸੰਧੂ ਨੇ ਗੁਰੂ ਗੋਬਿੰਦ ਸਿੰਘ ਦੀ ਅਦੁੱਤੀ ਸ਼ਹਾਦਤ ਸੰਬੰਧੀ ਕਵਿਤਾਵਾਂ ਪੜ੍ਹਦਿਆਂ, ਗੁਰੂਆਂ ਦੇ ਵਫਾਦਾਰ ਮੋਤੀ ਮਹਿਰਾ ਅਤੇ ਟੋਡਰ ਮੱਲ ਦੇ ਪਵਿੱਤਰ ਕਾਰਜਾਂ ਦੀ ਯਾਦ ਵੀ ਦਿਵਾਈ। ‘ਸੂਬੇ ਦੀ ਕਚਹਿਰੀ ਦੋਵੇਂ ਹਿੱਕਾਂ ਤਾਣ ਕੇ ਖੜੇ ਨੇ, ਉਮਰਾਂ ਨਿਆਣੀਆਂ ਤੇ ਸਾਕੇ ...।’ ਮਸ਼ਹੂਰ ਗਾਇਕ ਸੁਰਜੀਤ ਸਿੰਘ ਬੈਂਸ ਦੀ ਆਵਾਜ਼ ਦਾ ਜਾਦੂ ਸਿਰ ਚੜ੍ਹਕੇ ਬੋਲਿਆ। ਸ਼ਬਦ ਤ੍ਰਿੰਜਣ ਮੈਂਗਜ਼ੀਨ ਦੇ ਸੰਪਾਦਕ, ਵਿਅੰਗਕਾਰ ਮੰਗਤ ਕੁਲਜਿੰਦ ਨੇ ਸਾਹਿਬਜ਼ਾਦਿਆ ਦੀ ਬੇਮਿਸਾਲ ਕੁਰਬਾਨੀ ਨੂੰ ਕਾਵਿਕ ਸ਼ਬਦਾਂ ਵਿੱਚ ਬੰਨਿਆ। ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਵੇਲੇ ਦੁਖੀਆ ਦੀ ਸਹਾਇਤਾ ਲਈ ਪਹੁੰਚਣ ਵਾਲੇ ਬਲਵੰਤ ਸਿੰਘ ਸੋਹਲ ਨੇ, ਗੁਰੂਆਂ ਦੇ ਦਿਹਾੜੇ ਮਨਾਉਣ ਨਾਲ ਨਾਲ ਉਨਾਂ ਦੀ ਬਾਣੀ ਨੂੰ ਮੰਨਣ ਤੇ ਵੀ ਜ਼ੋਰ ਦਿੱਤਾ। ਸਿੱਖ ਪੰਥ ਦੇ ਉਸਾਰੂ ਪਹਿਲੂਆਂ ਨੂੰ ਪ੍ਰੀਤਮ ਸਿੰਘ ਨੇ ਆਪਣੀ ਕਵਿਤਾ ਰਾਹੀ ਉਭਾਰਿਆ, ਜੀਵਨ ਸਿੰਘ ਨੇ ਯੋਧਿਆਂ ਦੀ ਸੂਰਮਤਾਈ ਦੀ ਤਸਵੀਰਕਸ਼ੀ ਕੀਤੀ। ਦੋ ਨੌਜਵਾਨਾਂ ਭਾਈ ਹਰਜੋਤ ਸਿੰਘ ਤੇ ਭਾਈ ਭਗੀਰਥ ਸਿੰਘ ਨੇ ਕਵੀਸ਼ਰੀ ਰਾਹੀਂ ਸ਼ਹੀਦਾਂ ਨੂੰ ਆਪਣੀ ਅਕੀਦਤ ਭੇਟ ਕੀਤੀ। ਕਵਿੱਤਰੀ ਗੁਰਮੀਤ ਕੌਰ ਔਜਲਾ ਨੇ ਆਪਣੀ ਕਵਿਤਾ ਰਾਹੀਂ ਮਾਂ ਗੁਜਰੀ ਦੇ ਦਲੇਰਾਨਾ ਜਜ਼ਬਿਆਂ ਦੀ ਤਰਜਮਾਨੀ ਕੀਤੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਭਾ ਦੇ ਸਕੱਤਰ ਬਲਿਹਾਰ ਸਿੰਘ ਲ੍ਹੇਲ ਨੇ ਪੰਜਾਬੀ ਦੇ ਮਸ਼ਹੂਰ ਕਵੀਆਂ ਦੀਆਂ ਗੁਰੂਆਂ ਬਾਰੇ, ਉਹਨਾਂ ਦੀਆਂ ਸਿੱਖਿਆਵਾ ਬਾਰੇ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਲਿਖੀਆ ਨਜ਼ਮਾਂ ਅਤੇ ਗੀਤਾਂ ਨੂੰ ਸਮੇਂ ਸਮੇਂ `ਤੇ ਪੇਸ਼ ਕਰਕੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਿਆ। ਪ੍ਰਸਿੱਧ ਗੀਤਕਾਰ ਜਸਵੀਰ ਸਹੋਤਾ ਤਲਵਣ, ਸੁਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਬਿੱਲਾ, ਗੁਰਚਰਨ ਸਿੰਘ ਰੰਗੀਲਾ ਨੇ ਵੀ ਕਵੀ ਦਰਬਾਰ ਵਿੱਚ ਹਾਜਰੀ ਭਰੀ। ਅੰਤ ਵਿਚ ਹਰਸ਼ਿਦਰ ਸਿੰਘ ਸੰਧੂ ਨੇ ਸਮੂਹ ਸੰਗਤ ਅਤੇ ਸਭਾ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com