ਹਰਦਮ ਮਾਨ
ਸਰੀ, 20 ਜਨਵਰੀ 2020 - ਸਰੀ ਵਿਚ ਬੜੀ ਸਫਲਤਾ ਨਾਲ ਚੱਲ ਰਹੇ ਖਾਲਸਾ ਸਕੂਲਾਂ ਦੇ ਬਾਨੀ ਭਾਈ ਜੀਵਨ ਸਿੰਘ ਦੀ ਪੰਜਵੀਂ ਬਰਸੀ ਮੌਕੇ 124 ਸਟਰੀਟ ਅਤੇ 69 ਐਵੀਨਿਊ ਸਰੀ ਵਿਖੇ ਸਥਿਤ ਖਾਲਸਾ ਸਕੂਲ ਵਿਚ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਦੀ ਸ਼ੁਰੂਆਤ ਪ੍ਰੀ-ਸਕੂਲ ਦੇ ਨੰਨ੍ਹੇ ਬੱਚਿਆਂ ਦੇ ਸ਼ਬਦ ਗਾਇਣ ਨਾਲ ਹੋਈ ਅਤੇ ਫਿਰ ਗਰੇਡ 12 ਤੱਕ ਦੀਆਂ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਲਗਾਤਾਰ ਛੇ ਘੰਟੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਖਾਲਸਾ ਸਕੂਲਾਂ ਦੇ ਰੂਹੇ-ਰਵਾਂ ਸਂ ਰਿਪੂਦਮਨ ਸਿੰਘ ਮਲਿਕ, ਗੁਰਮਤਿ ਵਿਭਾਗ ਦੇ ਮੁਖੀ ਗਿਆਨੀ ਕੁਲਵਿੰਦਰ ਸਿੰਘ, ਸਕੂਲ ਦੇ ਅਧਿਅਪਕਾਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਦੀਆਂ ਹੋਰ ਕਈ ਸ਼ਖ਼ਸੀਅਤਾਂ ਨੇ ਰਾਤ ਦੇ 12 ਵਜੇ ਤੱਕ ਇਸ ਕੀਰਤਨ ਦਾ ਅਨੰਦ ਮਾਣਿਆ। ਕੀਰਤਨ ਤੋਂ ਪਹਿਲਾਂ ਸਕੂਲ ਬੱਚਿਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ, ਰਹਿਰਾਸ ਦਾ ਪਾਠ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ।
ਇਸ ਮੌਕੇ ਖਾਲਸਾ ਸਕੂਲਾਂ ਦੇ ਡਾਇਰੈਕਟਰ ਆਫ ਐਜੂਕੇਸ਼ਨ ਗੁਰਮਿੰਦਰ ਕੌਰ ਮਲਿਕ ਨੇ ਦੱਸਿਆ ਕਿ ਭਾਈ ਜੀਵਨ ਸਿੰਘ ਜੀ ਨੇ ਸਰੀ ਵਿਚ ਖਾਲਸਾ ਸਕੂਲ ਦੀ ਸ਼ੁਰੂਆਤ ਕੀਤੀ। ਉਹ ਪੰਜ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਅਤੇ ਹਰ ਸਾਲ ਜਨਵਰੀ ਮਹੀਨੇ ਵਿਚ ਬੱਚਿਆਂ ਦਾ ਕੀਰਤਨ ਦਰਬਾਰ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਸਕੂਲ ਵਿਚ ਪਿਛਲੇ 20 ਸਾਲਾਂ ਤੋਂ ਸੇਵਾ ਕਰ ਰਹੇ ਬੋਹੜ ਸਿੰਘ ਗਿੱਲ ਨੇ ਕਿਹਾ ਕਿ ਭਾਈ ਜੀਵਨ ਸਿੰਘ ਮਹਾਨ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿਤ ਅਨੇਕਾਂ ਕਾਰਜ ਕੀਤੇ। ਬੋਹੜ ਸਿੰਘ ਗਿੱਲ ਵੱਲੋਂ ਇਸ ਮੌਕੇ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।