ਹਰਦਮ ਮਾਨ
ਸਰੀ, 20 ਜਨਵਰੀ 2020 - ਕੈਨੇਡਾ ਵਿਚ ਸਿੱਖ ਨੇਸ਼ਨ ਵੱਲੋਂ ਖੂਨਦਾਨ ਮੁਹਿੰਮ ਪ੍ਰਤੀ ਨਿਭਾਈ ਜਾ ਰਹੀ ਪ੍ਰਤੀਬੱਧਤਾ ਦੀ ਪ੍ਰਸੰਸਾ ਕਰਦਿਆਂ ਕੈਨੇਡੀਅਨ ਬਲੱਡ ਸਰਵਿਸਜ਼ ਸੰਸਥਾ ਵੱਲੋਂ ਬੀਤੇ ਦਿਨ ਸਿੱਖ ਨੇਸ਼ਨ ਦਾ ਸਨਮਾਨ ਕੀਤਾ ਗਿਆ। ਕੈਨੇਡੀਅਨ ਬਲੱਡ ਸਰਵਿਸਜ਼ ਦੇ ਸੀ.ਐਸ.ਸੀ.ਓ. ਰਿੰਕ ਪਰਿਜ਼ੇਨ ਨੇ ਸਿੱਖ ਨੇਸ਼ਨ ਦੇ ਸੇਵਕਾਂ ਨੂੰ ਸਨਮਾਨ ਪੱਤਰ ਪ੍ਰਦਾਨ ਕਰਦਿਆਂ ਕਿਹਾ ਕਿ ਸਿੱਖ ਨੇਸ਼ਨ ਨੇ ਉਨ੍ਹਾਂ ਦੀ ਸੰਸਥਾ ਦੇ ਮਿਸ਼ਨ ਨੂੰ ਸਫਲ ਬਣਾਉਣ ਹਿਤ ਬਹੁਤ ਜਬਰਦਸਤ ਅਤੇ ਪਰਉਪਕਾਰੀ ਕਾਰਜ ਕੀਤਾ ਹੈ।
ਵਰਨਣਯੋਗ ਹੈ ਕਿ ਸਿੱਖ ਨੇਸ਼ਨ ਵੱਲੋਂ ਖੂਨਦਾਨ ਮੁਹਿੰਮ ਦੀ ਸ਼ੁਰੂਆਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 1999 ਵਿਚ ਕੀਤੀ ਸੀ ਜੋ 1984 ਵਿਚ ਦਿੱਲੀ ਸਮੇਤ ਭਾਰਤ ਦੇ ਕਈ ਖੇਤਰਾਂ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਇਕ ਸ਼ਰਧਾਂਜਲੀ ਸੀ। ਹੁਣ ਇਹ ਮੁਹਿੰਮ ਇਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ ਕੈਨੇਡਾ ਦੇ ਹੋਰਨਾਂ ਸੂਬਿਆਂ, ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਿਚ ਵੀ ਫੈਲ ਰਹੀ ਹੈ। ਹਰ ਸਾਲ ਨਵੰਬਰ ਵਿਚ ਖੂਨਦਾਨ ਮੁਹਿੰਮ ਰਾਹੀਂ ਦੁਨੀਆਂ ਭਰ ਦੇ ਸਿੱਖ ਮਨੁੱਖੀ ਭਾਈਚਾਰੇ ਦੀ ਇਕਮੁੱਠਤਾ ਦਾ ਸੁਨੇਹਾ ਦਿੰਦੇ ਹਨ। ਸਿੱਖ ਖੂਨਦਾਨ ਮੁਹਿੰਮ ਹੁਣ ਤੱਕ ਲਗਭਗ 140,000 ਲੋਕਾਂ ਦੀ ਜਾਨ ਬਚਾਉਣ ਦਾ ਪਰਉਪਕਾਰ ਕਰ ਚੁੱਕੀ ਹੈ।