ਹਰਦਮ ਮਾਨ
ਸਰੀ, 12 ਜਨਵਰੀ 2020-ਗ਼ਜ਼ਲ ਮੰਚ ਸਰੀ ਵੱਲੋਂ ਸਾਲ 2020 ਵਿਚ ਰਚਾਈ ਗਈ ਪਹਿਲੀ ਕਾਵਿ-ਮਹਿਫ਼ਿਲ ਵਿਚ ਹਾਜਰ ਸ਼ਾਇਰਾਂ ਨੇ ਖੂਬਸੂਰਤ ਸ਼ਿਅਰਾਂ ਨਾਲ ਖੂਬ ਰੰਗ ਬੰਨ੍ਹਿਆਂ। ਇਸ ਕਾਵਿਕ-ਸ਼ਾਮ ਦਾ ਸੰਚਾਲਨ ਕਰਦਿਆਂ ਦਵਿੰਦਰ ਗੌਤਮ B/ ਸਾਰੇ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੂੰ ਮਹਿਫ਼ਿਲ ਦੀ ਸ਼ੁਰੂਆਤ ਕਰਨ ਦੀ ਦਾਅਵਤ ਦਿੱਤੀ। ਕ੍ਰਿਸ਼ਨ ਭਨੋਟ ਮੁਹੱਬਤ ਭਰੇ ਸ਼ਿਅਰਾਂ ਨਾਲ ਰੂਬਰੂ ਹੋਏ-
ਮੁਹੱਬਤ ਕੀ ਹੈ, ਇਕ ਅਹਿਸਾਸ ਹੈ ਬੱਸ।
ਜਿਵੇਂ ਫੁੱਲਾਂ ਚੋਂ ਆਉਂਦੀ ਬਾਸ ਹੈ ਬੱਸ।
ਦੂਜੇ ਸ਼ਾਇਰ ਕਵਿੰਦਰ ਚਾਂਦ ਨੇ ਆਪਣੀ ਗ਼ਜ਼ਲ ਰਾਹੀਂ ਭਾਰਤ ਦੇ ਮੌਜੂਦਾ ਹਾਲਾਤ ਦੀ ਤਸਵੀਰਕਸ਼ੀ ਕੀਤੀ। ਉਸ ਦੀ ਗ਼ਜ਼ਲ ਦਾ ਮਤਲਾ ਸੀ-
ਹੋਇਆ ਜ਼ਮੀਰ ਸਾਹਵੇਂ ਹਲਫ਼ੀ ਬਿਆਨ ਸਾਡਾ।
ਬਚਿਆ ਹੈ ਹੋਰ ਕਿਹੜਾ, ਦੱਸ ਇਮਤਿਹਾਨ ਸਾਡਾ।
ਫਿਰ ਵਾਰੀ ਆਈ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਸ਼ਾਇਰ ਜਸਵਿੰਦਰ ਦੀ। ਸਮੁੱਚੀ ਗ਼ਜ਼ਲ ਵਿਚ ਖ਼ਿਆਲਾਂ ਦੀ ਬੇਹੱਦ ਗਹਿਰਾਈ ਸੀ-
ਕਦੋਂ ਬਹਿਣ ਦਿੰਦੀ ਹੈ ਬੰਦੇ ਨੂੰ ਭਟਕਣ, ਇਹ ਉੱਤਰੇ ਪਤਾਲੀਂ, ਤਲਾਸ਼ੇ ਖ਼ੁਦੀ ਨੂੰ,
ਉਦੋਂ ਤੀਕ ਆਪਣੇ ਟੁਕੜੇ ਚੁਣੇ ਇਹ, ਜਦੋਂ ਤੀਕ ਪੂਰਾ ਤੇ ਸਾਰਾ ਨਾ ਹੋਵੇ।
ਉਰਦੂ ਅਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿਚ ਸ਼ਾਇਰੀ ਕਰਨ ਵਾਲੇ ਦਸਮੇਸ਼ ਗਿੱਲ ਫਿਰੋਜ਼ ਨੇ ਆਪਣੇ ਉਰਦੂ ਰੰਗ ਰਾਹੀਂ ਖ਼ਾਮੋਸ਼ੀ ਦੀ ਖੂਬਸੂਰਤ ਪੇਸ਼ਕਾਰੀ ਕੀਤੀ-
ਦੋ ਲੋਗੋਂ ਕੇ ਬੀਚ ਮੇਂ ਆ ਕਰ ਬੈਠ ਗਈ
ਯਾਰੋ ਕਿਤਨੀ ਜਾਹਿਲ ਹੈ ਖ਼ਾਮੋਸ਼ੀ।
ਸਰੀ ਦੇ ਹਰਮਨ ਪਿਆਰੇ ਸ਼ਾਇਰ ਰਾਜਵੰਤ ਰਾਜ ਦੇ ਹਰ ਸ਼ਿਅਰ ਨੂੰ ਸ਼ਾਇਰਾਂ ਵੱਲੋਂ ਭਰਪੂਰ ਦਾਦ ਮਿਲੀ। ਰਾਜਵੰਤ ਦਾ ਰੰਗ ਸੀ-
ਇਹ ਝਾਂਜਰ ਖੂਬ ਛਣਕੀ ਹੈ ਉਧਾਰੇ ਕਮਰਿਆਂ ਤੀਕਰ
ਤਮੰਨਾ ਰਹਿ ਗਈ ਇਸ ਦੀ ਤੇਰੇ ਵਿਹੜੇ ਚ ਛਣਕਣ ਦੀ
ਪਿਛਲੇ ਥੋੜ੍ਹੇ ਸਮੇਂ ਵਿਚ ਹੀ ਪੰਜਾਬੀ ਸ਼ਾਇਰੀ ਦੇ ਅੰਬਰ ਤੇ ਚਮਕਣ ਵਾਲੇ ਪ੍ਰੀਤ ਮਨਪ੍ਰੀਤ ਨੇ ਬਹੁਤ ਹੀ ਸਾਦੇ ਲਫ਼ਜ਼ਾਂ ਵਿਚ ਪੰਜਾਬੀ ਵਿਰਸੇ ਦੀ ਬਾਤ ਪਾਈ-
ਬੱਚਿਆਂ ਨੂੰ ਦੱਸਿਓ ਉਹ ਦੌਰ ਵੀ ਸੀ, ਜਦ ਕਦੇ
ਕੀਮਤੀ ਅਸ਼ਟਾਮ ਤੋਂ, ਮੂੰਹੋਂ ਕਿਹਾ ਇਕ ਬੋਲ ਸੀ
ਗ਼ਜ਼ਲ ਵਿਚ ਨਵੀਆਂ ਪੁਲਾਘਾਂ ਪੁੱਟ ਰਹੇ ਗੁਰਮੀਤ ਸਿੱਧੂ ਨੇ ਵਧੀਆ ਸ਼ਾਇਰੀ ਦਾ ਮੁਜ਼ਾਹਰਾ ਕੀਤਾ। ਉਸ ਦੇ ਬੋਲ ਸਨ-
ਮੈਂ ਮੁਫ਼ਲਸੀ ਤੋਂ ਸਿੱਖਿਆ ਕੀਕਣ ਹੈ ਮਸਤ ਰਹਿਣਾ
ਮਸਕੀਨ ਹਾਂ ਮਗਰ ਨਹੀਂ ਜਜ਼ਬੇ ਗਰੀਬ ਮੇਰੇ
ਕਾਵਿ ਮਹਿਫ਼ਿਲ ਦਾ ਸੰਚਾਲਨ ਕਰ ਰਹੇ ਦਵਿੰਦਰ ਗੌਤਮ ਨੂੰ ਦਸਮੇਸ਼ ਗਿੱਲ ਫਿਰੋਜ਼ ਨੇ ਪੇਸ਼ ਕੀਤਾ। ਦਵਿੰਦਰ ਗੌਤਮ ਨੇ ਅਜੋਕੇ ਦੌਰ ਦੀ ਤਰਜਮਾਨੀ ਕੁਝ ਇਸ ਤਰ੍ਹਾਂ ਕੀਤੀ-
ਦਿਖਾਈ ਹੋਰ ਦਿੰਦਾ ਤੇ ਹਕੀਕਤ ਹੋਰ ਹੈ ਏਥੇ।
ਓਹੀ ਵੱਧ ਸ਼ੋਰ ਪਾਉਂਦਾ ਹੈ ਕਿ ਜਿਹੜਾ ਚੋਰ ਹੈ ਏਥੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com