ਹਰਦਮ ਮਾਨ
ਸਰੀ, 9 ਜਨਵਰੀ 2020 - ਸਰੀ ਦੀ ਸੰਸਥਾ ਲਾਈਮ ਲਾਈਟ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਨੂੰ ਖੁਸ਼-ਆਮਦੀਦ ਕਹਿਣ ਲਈ ਰਾਇਲ ਕਿੰਗ ਬੈਂਕੁਇਟ ਹਾਲ ਵਿਚ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪ੍ਰਸਿੱਧ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਸਰੀ ਦੇ ਨੌਜਵਾਨ ਗਾਇਕ ਕਰਨ ਸੇਖੋਂ ਨੇ ਦਿਲਕਸ਼ ਸੰਗੀਤਮਈ ਮਾਹੌਲ ਸਿਰਜਿਆ।
ਪ੍ਰੋਗਰਾਮ ਦਾ ਆਗਾਜ਼ ਜਗਦੇਵ ਸੇਖੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਸ਼ਾਨੇ-ਪੰਜਾਬ ਆਰਟਸ ਕਲੱਬ ਦੇ ਕਲਾਕਾਰਾਂ ਨੇ ਭੰਗੜੇ ਅਤੇ ਮਲਵਈ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਗਾਇਕਾ ਅਫਸਾਨਾ ਖਾਨ ਦੀ ਹਾਲ ਵਿਚ ਇੰਟਰੀ ਮੋਟckਰ ਸਾੲਕਲ ਨਾਲ ਹੋਈ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਅਫਸਾਨਾ ਖਾਨ ਨੇ ਸਟੇਜ ਸੰਭਾਲਦਿਆਂ ਇਕ ਤੋਂ ਬਾਅਦ ਇਕ ਗੀਤ ਨਾਲ ਆਪਣੀ ਗਾਇਕੀ ਦੀ ਪਟਾਰੀ ਖੋਲ੍ਹੀ ਅਤੇ ਪੰਜਾਬੀ, ਹਿੰਦੀ, ਕਲਾਸੀਕਲ, ਭੰਗੜਾ ਬੀਟ ਦੇ ਗੀਤਾਂ ਰਾਹੀਂ ਸਮੁੱਚਾ ਮਾਹੌਲ ਰੰਗੀਨ ਕਰ ਦਿੱਤਾ। ਉਸ ਨੇ ਆਪਣੇ ਬੇਹੱਦ ਮਕਬੂਲ ਗੀਤਾਂ “ਜੱਟਾ ਵੇ ਤੂੰ ਸ਼ਰੇਆਮ ਧੱਕਾ ਕਰਦੈਂ..., ਮੁੰਡੇ ਚੰਡੀਗੜ੍ਹ ਸ਼ਹਿਰ ਦੇ..., ਬੈਠੀਂ ਜੁੱਤੀ ਝਾੜ ਕੇ...” ਰਾਹੀਂ ਨੌਜਵਾਨ ਦਿਲਾਂ ਨੂੰ ਝੂਮਣ ਲਾ ਦਿੱਤਾ। ਅਫਸਾਨਾ ਖਾਨ ਅਤੇ ਸਰੀ ਦੇ ਨੌਜਵਾਨ ਗਾਇਕ ਕਰਨ ਸੇਖੋਂ ਨੇ ਆਪਣੇ ਖੂਬਸੂਰਤ ਦੋਗਾਣਿਆਂ ਨਾਲ ਸ਼ੋਅ ਨੂੰ ਮਨੋਰੰਜਨ ਦੀਆਂ ਸਿਖਰਾਂ ਤੇ ਪੁਚਾਇਆ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਅਵਤਾਰ ਨੰਦਪੁਰੀ ਨੇ ਬਹੁਤ ਹੀ ਟੁੰਬਵੀਂ ਸ਼ਬਦਾਵਲੀ ਨਾਲ ਕੀਤਾ।
ਸੁੱਖੀ ਢਿੱਲੋਂ ਨੇ ਪ੍ਰੋਗਰਾਮ ਵਿਚ ਪੁੱਜੇ ਸਭਨਾਂ ਮਹਿਮਾਨਾਂ, ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸ਼ਾਹੀ ਕੇਟਰਿੰਗ ਦੇ ਕੁਲਵਿੰਦਰ ਸੰਘ ਪੂੰਨੀ ਵੱਲੋਂ ਤਿਆਰ ਬਹੁਤ ਹੀ ਸਪੈਸ਼ਲ ਦੁੱਧ ਦੀ ਸਭ ਨੇ ਤਾਰੀਫ਼ ਕੀਤੀ। ਲਾਈਮ ਲਾਈਟ ਵੱਲੋਂ ਵਧੀਆ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਦਰਸ਼ਕਾਂ ਲਈ ਲੱਕੀ ਡਰਾਅ ਵੀ ਕੱਢਿਆ ਗਿਆ। ਅੰਤ ਨਵੇਂ ਸਾਲ ਨੂੰ ਜੀ ਆਇਆਂ ਆਖਦਿਆਂ ਸਭਨਾਂ ਨੇ ਇਕ ਦੂਜੇ ਤੋਂ ਵਿਦਾਇਗੀ ਲਈ। ਸੁੱਖੀ ਢਿੱਲੋਂ, ਜਗਦੇਵ ਸੇਖੋਂ, ਪਰਮ ਗਿੱਲ, ਲੱਕੀ ਰਾਏ, ਹਰਸਿਮਰਤ ਸਿੰਘ, ਮਨੀ ਗਿੱਲ ਅਤੇ ਲੱਕੀ ਢਿੱਲੋਂ ਦੀ ਟੀਮ ਦਾ ਇਹ ਸ਼ੋਅ ਦੇਰ ਤੱਕ ਸਰੋਤਿਆਂ ਦੇ ਮਨਾਂ ਤੇ ਅੰਕਿਤ ਰਹੇਗਾ।