ਲਿਬਰਲ ਸੰਸਦ ਮੈਂਬਰ ਐਂਥਨੀ ਰੋਟਾ ਬਣੇ ਕੈਨੇਡਾ ਦੀ “ਹਾਊਸ ਆਫ ਕਾਮਨਜ਼” ਦੇ ਨਵੇਂ ਸਪੀਕਰ
ਹਰਦਮ ਮਾਨ
ਸਰੀ, 5 ਦਸੰਬਰ-ਲਿਬਰਲ ਸੰਸਦ ਮੈਂਬਰ ਐਂਥਨੀ ਰੋਟਾ ਅੱਜ ਕੈਨੇਡਾ ਦੀ “ਹਾਊਸ ਆਫ ਕਾਮਨਜ਼” ਦੇ ਨਵੇਂ ਸਪੀਕਰ ਚੁਣੇ ਗਏ ਹਨ। ਅੱਜ ਇਸ ਚੋਣ ਲਈ ਪਾਰਲੀਮੈਂਟ ਵਿਚ ਹੋਈ ਵੋਟਿੰਗ ਦੌਰਾਨ ਐਂਥਨੀ ਰੋਟਾ ਨੇ ਸਪੀਕਰ ਦੀ ਕੁਰਸੀ ਦੇ ਦਾਅਵੇਦਾਰ ਆਪਣੇ ਚਾਰ ਵਿਰੋਧੀਆਂ ਨੂੰ ਮਾਤ ਦਿੱਤੀ ਜਿਨ੍ਹਾਂ ਵਿਚ ਕਾਕਸ ਸਹਿਯੋਗੀ ਜੀਓਫ ਰੇਗਨ ਤੋਂ ਇਲਾਵਾ ਦੋ ਕੰਜ਼ਰਵੇਟਿਵ ਸੰਸਦ ਮੈਂਬਰ- ਜੋਲ ਗੋਡਿਨ ਤੇ ਬਰੂਸ ਸਟੈਨਟਨ ਅਤੇ ਐਨਡੀਪੀ ਦੇ ਸੰਸਦ ਮੈਂਬਰ ਕੈਰਲ ਹਿਊਜ ਸ਼ਾਮਲ ਹਨ।
ਇਸ ਚੋਣ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਬਹੁਤ ਹੀ ਮਜ਼ਾਹੀਆ ਲਹਿਜ਼ੇ ਵਿਚ ਦੋਹਾਂ ਬਾਹਾਂ ਤੋਂ ਫੜ ਕੇ ਐਂਥਨੀ ਰੋਟਾ ਨੂੰ ਨਵੀਂ ਘੱਟ ਗਿਣਤੀ ਸੰਸਦ ਦੀ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ। ਸਪੀਕਰ ਦੀ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਐਂਥਨੀ ਰੋਟਾ ਨੇ ਰਵਾਇਤ ਅਨੁਸਾਰ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਤੁਹਾਡੀ ਸੇਵਾ ਵਿਚ ਇਹ ਸੁਨਿਸ਼ਚਤ ਕਰਨ ਲਈ ਆਇਆ ਹਾਂ ਕਿ ਸਾਡੇ ਸਾਰਿਆਂ ਲਈ ਸਭ ਕੁਝ ਠੀਕ-ਠਾਕ ਚੱਲਦਾ ਰਹੇ ਅਤੇ ਅਸੀਂ ਸੰਸਦ ਦਾ ਕੰਮਕਾਜ ਵਧੀਆ ਚਲਾਉਂਦੇ ਰਹੀਏ। "ਸਾਫ ਸੁਥਰੇ ਢੰਗ ਨਾਲ ਅਤੇ ਨਿਰਪੱਖਤਾ ਨਾਲ ਇਸ ਸਦਨ ਲਈ ਵਧੀਆ ਕੰਮ ਕਰਨਾ ਅਤੇ ਤੁਹਾਡੀ ਸੇਵਾ ਕਰਨਾ ਮੇਰਾ ਵਾਅਦਾ ਹੈ।"
ਬਾਅਦ ਵਿਚ ਨਵੀਂ ਪਾਰਲੀਮੈਂਟ ਨੂੰ ਪਹਿਲੀ ਵਾਰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਹਾਲਾਂਕਿ ਮੈਂ ਜਾਣਦਾ ਹਾਂ ਕਿ ਹਰ ਮੈਂਬਰ ਸੰਸਦ ਦੇ ਕੰਮ ਨੂੰ ਉਸਾਰੂ ਬਣਾਉਣ ਲਈ ਯਤਨਸ਼ੀਲ ਰਹੇਗਾ, ਉਸਾਰੂ ਬਹਿਸਾਂ ਹੋਣਗੀਆਂ, ਅਜਿਹਾ ਸਮਾਂ ਵੀ ਆਵੇਗਾ ਜਦੋਂ ਵਿਚਾਰ ਵਟਾਂਦਰੇ ਦੌਰਾਨ ਸਾਡੇ ਵਿਚ ਮਤਭੇਦ ਵੀ ਉੱਭਰਨਗੇ ਅਤੇ ਉਨ੍ਹਾਂ ਵਿਚੋਂ ਚੰਗੇ ਵਿਚਾਰਾਂ ਨੂੰ ਅਸੀਂ ਅਪਣਾਵਾਂਗੇ। ਫਿਰ ਉਨ੍ਹਾਂ ਐਂਥਨੀ ਰੋਟਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ “ਉਸ ਸਮੇਂ ਤੁਸੀਂ ਸੰਸਦ ਦੇ ਰੈਫਰੀ ਹੋਵੋਗੇ ਅਤੇ ਸਾਨੂੰ ਲਾਈਨ ਵਿਚ ਰੱਖੋਗੇ। ਮੈਂਨੂੰ ਪਤਾ ਹੈ ਕਿ ਇਹ ਭੂਮਿਕਾ ਨਿਭਾਉਣ ਲਈ ਤੁਹਾਡੇ ਕੋਲ ਵਿਲੱਖਣ ਯੋਗਤਾ ਹੈ।”
ਕੰਜ਼ਰਵੇਟਿਵ ਲੀਡਰ ਸ਼ੀਅਰ ਨੇ ਵਿਅੰਗਮਈ ਲਹਿਜ਼ੇ ਚ ਕਿਹਾ ਕਿ ਰੋਟਾ ਇੱਕ ਛੋਟੇ ਜਿਹੇ ਸੈਸ਼ਨ 'ਤੇ ਰਾਜ ਜ਼ਰੂਰ ਕਰੇਗਾ , ਪਰ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਰੋਟਾ ਪਾਰਲੀਮੈਂਟ ਦਾ ਸਨਮਾਨ ਕਾਇਮ ਰੱਖੇਗਾ ਅਤੇ ਪੇਸ਼ੇਵਾਰਾਨਾ ਢੰਗ ਨਾਲ ਕੰਮ ਕਰੇਗਾ।
ਐਂਥਨੀ ਰੋਟਾ ਲਈ ਅੱਜ ਵੱਡੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਉਹ ਪਹਿਲੇ ਇਤਾਲੀਅਨ ਕੈਨੇਡੀਅਨ ਬਣ ਗਏ ਹਨ, ਜਿਨ੍ਹਾਂ ਨੂੰ ਕੈਨੇਡੀਅਨ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ।।