← ਪਿਛੇ ਪਰਤੋ
ਯੂਪੀ ਸਰਕਾਰ ਪਾਰਦਰਸ਼ੀ ਰੋਲ ਅਦਾ ਕਰੇ ਅਤੇ ਪੀੜਤ ਸਿੱਖ ਨੂੰ ਨਿਆਂ ਦੇਵੇ- ਭਾਈ ਲੌਂਗੋਵਾਲ ਯੂਪੀ ਸਿੱਖ ਮਿਸ਼ਨ ਹਾਪੁੜ ਦੇ ਨੁਮਾਇੰਦੇ ਪੀੜਤ ਦੀ ਮੱਦਦ ਲਈ ਭੇਜੇ ਅੰਮ੍ਰਿਤਸਰ, 17 ਜੂਨ 2020: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੱਤਰ ਪ੍ਰਦੇਸ਼ ਅੰਦਰ ਕੁਝ ਲੋਕਾਂ ਵੱਲੋਂ ਇੱਕ ਸਿੱਖ ਦੀ ਕੀਤੀ ਗਈ ਕੁੱਟਮਾਰ ਅਤੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨੂੰ ਦਬਾਇਆ ਜਾਵੇ। ਇਸ ਮਾਮਲੇ ’ਤੇ ਯੂਪੀ ਸਰਕਾਰ ਪਾਰਦਰਸ਼ੀ ਰੋਲ ਅਦਾ ਕਰੇ ਅਤੇ ਪੀੜਤ ਸਿੱਖ ਨੂੰ ਨਿਆਂ ਦੇਵੇ। ਘਟਨਾ ਯੂਪੀ ਦੇ ਜ਼ਿਲ੍ਹਾ ਅਮਰੋਹਾ ਨਾਲ ਸਬੰਧਤ ਹੈ, ਜਿਥੇ ਥਾਣਾ ਧਨੋਰਾ ਵਿਚ ਪੈਂਦੇ ਪਿੰਡ ਚਾਂਦਰਾ ਫਾਰਮ ਵਿਖੇ ਸ. ਗੁਰਵਿੰਦਰ ਸਿੰਘ ਨਾਂ ਦੇ ਸਿੱਖ ਨੂੰ ਬੁਰੀ ਤਰਾਂ ਕੁੱਟਿਆ ਗਿਆ ਅਤੇ ਉਸ ਦੀ ਦਸਤਾਰ ਨੂੰ ਪੈਰਾਂ ਵਿਚ ਰੋਲ਼ਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਇਸ ਘਟਨਾ ਨੂੰ ਘੱਟ ਗਿਣਤੀ ਸਿੱਖਾਂ ਨਾਲ ਧੱਕਾ ਕਰਾਰ ਦਿੰਦਿਆਂ ਯੂਪੀ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ ਦੀ ਅਗਵਾਈ ਵਿਚ ਨੁਮਾਇੰਦਿਆਂ ਨੂੰ ਪੀੜਤ ਦੀ ਮੱਦਦ ਲਈ ਭੇਜਿਆ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਉੱਤਰ ਪ੍ਰਦੇਸ਼ ਅੰਦਰ ਅਜੇ ਕਿਸਾਨਾਂ ਨੂੰ ਉਜਾੜਨ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਸਿੱਖ ਦੀ ਸ਼ਰੇਆਮ ਕੁੱਟਮਾਰ ਦਾ ਮਾਮਲਾ ਸਾਹਮਣੇ ਆ ਗਿਆ। ਇਹ ਸੂਬਾ ਸਰਕਾਰ ਦੀ ਕਾਰਜਸ਼ੈਲੀ ’ਤੇ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਨਾਲ ਦੇਸ਼ ਦੁਨੀਆ ਅੰਦਰ ਆਪਣੇ ਵਿਰਸੇ ਦੀ ਸੇਧ ਵਿਚ ਨਾਮ ਕਮਾਇਆ ਹੈ। ਸਿੱਖ ਜਿਥੇ ਵੀ ਵਸਦੇ ਹਨ ਉਸ ਖਿੱਤੇ ਦੀ ਖੁਸ਼ਹਾਲੀ ਲਈ ਕਾਰਜਸ਼ੀਲ ਰਹਿੰਦੇ ਹਨ। ਪਰੰਤੂ ਜਦੋਂ ਸਿੱਖਾਂ ਨੂੰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਰੋਸ ਪੈਦਾ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਧੱਕੇਸ਼ਾਹੀ ਦੇ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਨੂੰ ਵੀ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ।
Total Responses : 295