ਜੀ ਐਸ ਪੰਨੂ
ਪਟਿਆਲਾ, 13 ਜੁਲਾਈ 2020: ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕੋਵਿਡ-19 ਦੇ ਠੀਕ ਹੋਏ ਮਰੀਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਤੋਂ ਪੀੜਤਾਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ।
ਲੋਕ ਸਭਾ ਮੈਂਬਰ ਅੱਜ ਸ਼ਾਮ ਪਟਿਆਲਾ ਜ਼ਿਲ੍ਹੇ 'ਚ ਕੋਵਿਡ-19 ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀ ਕਿ ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੋਵਿਡ ਦੇ ਠੀਕ ਹੋਏ ਮਰੀਜਾਂ ਨੂੰ ਆਪਣਾ ਪਲਾਜ਼ਮਾਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤੇ ਪਲਾਜ਼ਮਾ ਬੈਂਕ ਵਿਖੇ ਦਾਨ ਕਰਨ ਲਈ ਅੱਗੇ ਆਉਣ ਲਈ ਪ੍ਰੇਰਤ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਲਾਜ਼ਮੀ ਮਾਸਕ ਪਾਉਣ ਅਤੇ ਆਪਸੀ ਦੂਰੀ ਰੱਖਣ ਸਮੇਤ ਜਰੂਰੀ ਇਹਤਿਆਤ ਵਰਤਣ ਸਬੰਧੀਂ ਸਖ਼ਤੀ ਵਰਤੀ ਜਾਵੇ। ਕਿਸੇ ਨੂੰ ਵੀ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਇਸ ਲਈ ਭਾਵੇਂ ਮਾਸਕ ਨਾ ਪਾਉਣ ਅਤੇ ਆਪਸੀ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕਿਊਂ ਨਾ ਕਰਨੇ ਪੈਣ। ਇਸ ਸਬੰਧੀਂ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਸਾਂਝੀਆਂ ਟੀਮਾਂ ਬਣਾਈਆਂ ਜਾਣ। ਇਸ 'ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਪੀ.ਸੀ.ਐਸ. ਅਧਿਕਾਰੀ ਦੀ ਅਗਵਾਈ ਹੇਠ ਸਾਂਝੀ ਕਮੇਟੀ ਦਾ ਇਸ ਸਬੰਧੀਂ ਗਠਨ ਕਰ ਦਿੱਤਾ ਹੈ ਅਤੇ ਸਖ਼ਤੀ ਕਰਨ ਤੇ ਚਲਾਨ ਕੱਟਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਕਾਨਫਰੰਸਿੰਗ ਦੌਰਾਨ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਦੇ ਨਾਲ-ਨਾਲ ਡੇਂਗੂ ਦੀ ਰੋਕਥਾਮ ਸਬੰਧੀਂ ਵੀ ਮੁਹਿੰਮ ਚਲਾਈ ਹੋਈ ਹੈ। ਆਪਸੀ ਦੂਰੀ ਰੱਖਣ ਦੇ ਮੁੱਦੇ 'ਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਵਿਚਲੀਆਂ ਸਬਜ਼ੀ ਦੀਆਂ ਮੰਡੀਆਂ ਚਾਰ ਦਿਨਾਂ ਲਈ ਬੰਦ ਕੀਤੀਆਂ ਹਨ। ਇਸ ਤੋਂ ਬਿਨ੍ਹਾਂ ਕੰਟੇਨਮੈਂਟ ਜੋਨਾਂ 'ਚ ਜਰੂਰੀ ਵਸਤਾਂ ਦੇ ਸੇਵਾਵਾਂ ਦੀ ਬਹਾਲੀ ਲਈ ਨਿਗਮ ਵੱਲੋਂ ਪਾਸ ਬਣਾਏ ਜਾ ਰਹੇ ਹਨ।
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਪਸੀ ਦੂਰੀ ਨਾ ਰੱਖਣ ਸਬੰਧੀਂ ਪੁਲਿਸ ਨੇ 497 ਪੁਲਿਸ ਕੇਸ ਦਰਜ ਕੀਤੇ ਹਨ ਅਤੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੁਲਿਸ ਨੇ ਵੱਡੇ ਪੱਧਰ 'ਤੇ ਮੁਹਿੰਮ ਵਿੱਢੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਕੋਵਿਡ-19 ਦੀ ਸੈਂਪਲਿੰਗ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ 24 ਘੰਟੇ ਤਤਪਰ ਹਨ ਅਤੇ ਨਾਲ ਹੀ ਡੇਂਗੂ ਦੀ ਰੋਕਥਾਮ ਲਈ 1 ਲੱਖ ਘਰਾਂ ਦੀ ਚੈਕਿੰਗ ਕੀਤੀ ਹੈ ਅਤੇ 500 ਥਾਵਾਂ 'ਤੇ ਡੇਂਗੂ ਦਾ ਲਾਰਵਾ ਖ਼ਤਮ ਕਰਵਾਇਆ ਹੈ।
ਇਸੇ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਗਾਮੀ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਅਤੇ ਡੇਂਗੂ ਤੋਂ ਬਚਾਉਣ ਲਈ ਲੋੜੀਂਦੇ ਕਦਮ ਉਠਾਉਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੋਕ ਸਭਾ ਮੈਂਬਰ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਅਤੇ ਹੁਣ ਤੱਕ ਪਟਿਆਲਾ 'ਚ ਹਾਲੇ ਤੱਕ 15 ਤੋਂ 20 ਫੀਸਦੀ ਹੀ ਬੈਡ ਵਰਤੇ ਜਾ ਸਕੇ ਹਨ, ਫਿਰ ਵੀ ਪ੍ਰਸ਼ਾਸਨ ਨੇ ਨਿਜੀ ਹਸਪਤਾਲਾਂ ਨਾਲ ਤਾਲਮੇਲ ਕਰਕੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਹੈ।