ਕਿਸੇ ਵੀ ਦੋਸ਼ੀ ਨੂੰ ਬਖ਼ਸ਼ੇ ਨਾ ਜਾਣ ਲਈ ਐਫਆਈਆਰ ਦਰਜ ਕਰਾਉਣ ਸਬੰਧੀ ਵੀ ਕੀਤੀ ਅਪੀਲ
ਅੰਮ੍ਰਿਤਸਰ / ਚੰਡੀਗੜ, 12 ਜੁਲਾਈ 2020: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 267 ਸਰੂਪਾਂ ਦੇ ਮਾਮਲੇ ਦੀ ਸਮੇਂ-ਬੱਧ ਨਿਆਂਇਕ ਜਾਂਚ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਇਹ ਮਾਮਲਾ ਵਿਚਾਰਨ ਸਬੰਧੀ ਬੇਨਤੀ ਕੀਤੀ ਹੈ ।ਬੇਨਤੀ ‘ਚ ਔਜਲਾ ਨੇ ਕਿਹਾ ਕਿ ਸਰਕਾਰ ਨੂੰ ਜਾਂ ਤਾਂ ਇਸ ਜਾਂਚ ਨੂੰ ਐਸਆਈਟੀ ਦੁਆਰਾ ਕੀਤੀ ਜਾ ਰਹੀ 2015 ਦੇ ਬੇਅਦਬੀ ਮਾਮਲੇ ਦੀ ਜਾਂਚ ਪੜਤਾਲ ਨਾਲ ਜੋੜਿਆ ਜਾਵੇ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੱਤਰ ਦੇ ਹਵਾਲੇ ਨਾਲ ਲਿਖੇ ਆਪਣੇ ਪੱਤਰ ਵਿੱਚ ਅਮ੍ਰਿਤਸਰ ਦੇ ਸੰਸਦ ਮੈਂਬਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਬਣਦੇ ਕਾਨੂੰਨ ਅਨੁਸਾਰ ਐਫਆਈਆਰ ਦਰਜ ਕਰਨ ਦੀ ਮੰਗ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਦੋਸ਼ੀ ਕਾਨੂੰਨ ਦੀ ਗ੍ਰਿਫਤ ਤੋਂ ਬਚ ਕੇ ਨਾ ਨਿੱਕਲ ਸਕੇ।
ਉਨ੍ਹਾਂ ਦੁਹਰਾਇਆ ਕਿ ਇਨ ਹਾਊਸ ਟੀਮ ਵੱਲੋਂ ਕੀਤੀ ਜਾਂਚ ਦੇ ਨਿਸਬਤ ਐਸਆਈਟੀ ਦੁਆਰਾ ਨਿਆਂਇਕ ਜਾਂਚ ਜਾਂ ਪੜਤਾਲ ਦੌਰਾਨ ਅਦਾਲਤ ਵਿੱਚ ਪਹੁੰਚਣ ਦੀ ਵਧੇਰੇ ਸੰਭਾਵਨਾ ਹੋਵੇਗੀ। ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਫਰੀਦਕੋਟ ਜਿ਼ਲ੍ਹੇ ਦੇ ਪਿੰਡ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਸਪੱਸ਼ਟ ਹੋ ਚੁੱਕਾ ਹੈ।
ਆਪਣੇ ਪੱਤਰ ‘ਚ ਤਰਕ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਇਹ ਚੰਗਾ ਹੁੰਦਾ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 267 ਸਰੂਪਾਂ ਦੇ ਮਾਮਲੇ ਵਿਚ ਪਾਰਟੀ ਬਣ ਜਾਂਦੇ ਅਤੇ ਡੀਜੀਪੀ ਪੰਜਾਬ ਜਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਐਫਆਈਆਰ ਦਰਜ ਕਰਵਾਉਣ ਲਈ ਲਿਖਦੇ ਅਤੇ ਫਿਰ ਸਰਕਾਰ ਨੂੰ ਮਕੜਜਾਲ ਬੁਣਨ ਦੀ ਥਾਂ ਇਕ ਕੁਸ਼ਲ ਜਾਂਚ ਵਿੱਢਣ ਲਈ ਕਹਿੰਦੇ।
ਜਿ਼ਕਰਯੋਗ ਹੈ ਕਿ ਪੰਜਾਬ ਰਾਜ ਅਸੈਂਬਲੀ ਨੇ ਅਗਸਤ 2018 ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਜ਼ਾਬਤਾ ਪ੍ਰਕਿਰਿਆ (ਸੀਆਰਪੀਸੀ) ਵਿੱਚ ਸੋਧ ਸਬੰਧੀ ਬਿਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ ਜਿਸ ਤਹਿਤ ਸਾਰੀਆਂ ਧਾਰਮਿਕ ਪੁਸਤਕਾਂ ਦੀ ਬੇਅਦਬੀ ਨੂੰ ਉਮਰ ਕੈਦ ਦੀ ਸਜਾ ਯੋਗ ਅਪਰਾਧ ਗਰਦਾਨਿਆ ਗਿਆ । ਇਹ ਸੋਧ ਇਹ ਯਕੀਨੀ ਬਣਾਉਂਦੀ ਹੈ ਕਿ ਗੁਰੂ ਸਾਹਿਬ ਦੀ ਪਵਿੱਤਰਤਾ ਨਾਲ ਖਿਲਵਾੜ ਕਰਨ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।