ਸੋਸ਼ਲ ਡਿਸਟੈਂਸਟਿੰਗ ਨੂੰ ਧਿਆਨ 'ਚ ਰੱਖਦਿਆਂ ਵਿਦਿਆਰਥੀ 'ਕਰੀਅਰ ਕਾਊਂਸਲਿੰਗ' ਲਈ ਆਨਲਾਈਨ ਲੈ ਸਕਣਗੇ ਅਪੁਆਇੰਟਮੈਂਟ
ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ: ਵਿਦਿਆਰਥੀਆਂ ਦਾ ਰੁਚੀ ਅਤੇ ਕੁਸ਼ਲਤਾ ਅਨੁਸਾਰ ਯੋਗ ਮਾਰਗ ਦਰਸ਼ਨ ਹੋਣਾ ਜ਼ਰੂਰੀ: ਡਾ. ਬਾਵਾ
ਸਕੂਲੀ ਸਿੱਖਿਆ ਤੋਂ ਬਾਅਦ ਉੱਚ ਸਿੱਖਿਆ ਲਈ ਵਿਦਿਆਰਥੀ ਜੀਵਨ 'ਚ ਸਹੀ ਮਾਰਗ ਦਰਸ਼ਨ ਦੀ ਡੂੰਘੀ ਮਹੱਤਤਾ ਹੈ। ਵਿਦਿਆਰਥੀਆਂ ਲਈ ਸੈਕੰਡਰੀ ਸਿੱਖਿਆ ਤੋਂ ਬਾਅਦ ਅਜਿਹਾ ਪੜਾਅ ਹੁੰਦਾ ਹੈ, ਜਿਸ ਦੌਰਾਨ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਅਹਿਮ ਭੂਮਿਕਾ ਅਦਾ ਕਰਦੀ ਹੈ। ਅਜਿਹੇ 'ਚ ਵਿਦਿਆਰਥੀਆਂ ਦੇ ਵਿਆਪਕ ਮਾਰਗ ਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਮੁਹੱਈਆ ਕਰਵਾਈ ਜਾਂਦੀਆਂ 'ਕਰੀਅਰ ਕਾਊਂਸਲਿੰਗ' ਸੇਵਾਵਾਂ ਲਾਕਡਾਊਨ ਤੋਂ ਬਾਅਦ ਮੁੜ ਤੋਂ ਜਾਰੀ ਕੀਤੀਆਂ ਗਈਆਂ ਹਨ। ਜਿਸ ਲਈ 'ਵਰਸਿਟੀ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਪੱਧਰ 'ਤੇ 21 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ 'ਕਾਊਂਸਲਿੰਗ ਸੈਂਟਰ' ਸਥਾਪਿਤ ਕੀਤੇ ਗਏ ਹਨ। ਜਿਥੇ ਵਿਦਿਆਰਥੀਆਂ ਨੂੰ ਸਿੱਖਿਆ ਦਾ ਸਹੀ ਖੇਤਰ ਅਤੇ ਕੋਰਸ ਚੁਣਨ ਸਬੰਧੀ ਵਿਆਪਕ ਰੋਡਮੈਪ ਤਿਆਰ ਕਰਨ 'ਚ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਲਾਕਡਾਊਨ ਸਬੰਧੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ 'ਵਰਸਿਟੀ ਦੇ ਕਾਊਂਸਲਿੰਗ ਸੈਂਟਰਾਂ ਵਿਖੇ ਆਨਲਾਈਨ ਅਪੁਆਇੰਟਮੈਂਟ ਲੈ ਕੇ 'ਕਰੀਅਰ ਕਾਊਂਸਲਿੰਗ' ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਬਤੌਰ ਮਾਰਗ ਦਰਸ਼ਕ ਸੇਵਾਵਾਂ ਨਿਭਾਉਣ ਲਈ ਦੇਸ਼ ਵਿਆਪੀ ਪੱਧਰ 'ਤੇ ਵੱਖ-ਵੱਖ 21 ਸੂਬਿਆਂ 'ਚ 'ਕਾਊਂਸਲਿੰਗ ਸੈਂਟਰ' ਸਥਾਪਿਤ ਕੀਤੇ ਹਨ। ਜਿਨ੍ਹਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਰੁਚੀ, ਸਮਰੱਥਾ, ਕੁਸ਼ਲਤਾ ਅਤੇ ਯੋਗਤਾ ਅਨੁਸਾਰ ਸਹੀ ਅਕਾਦਮਿਕ ਮਾਰਗ ਦੀ ਚੋਣ ਕਰਨ ਸਬੰਧੀ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਡਾ. ਬਾਵਾ ਨੇ ਕਿਹਾ ਕਿ ਸੀ.ਬੀ.ਐਸ.ਈ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਅਜਿਹੇ ਵਿੱਚ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਜਾਣਕਾਰੀ ਹੋਣਾ ਬਹੁਤ ਅਹਿਮ ਹੈ।ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਰਾਜਸਥਾਨ, ਆਂਧਰਾ ਪ੍ਰਦੇਸ਼, ਯੂਪੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰਾਖੰਡ, ਮਨੀਪੁਰ, ਤੇਲੰਗਾਨਾ, ਬਿਹਾਰ, ਝਾਰਖੰਡ, ਆਸਾਮ, ਛੱਤੀਸ਼ਗੜ੍ਹ, ਗੁਜਰਾਤ, ਉੜੀਸ਼ਾ ਅਤੇ ਕੇਰਲਾ ਆਦਿ ਸੂਬਿਆਂ 'ਚ 'ਕਾਊਂਸਲਿੰਗ ਸੈਂਟਰ' ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਸੂਬੇ 'ਚ ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ 'ਕਾਊਂਸਲਿੰਗ ਸੈਂਟਰ' ਮੌਜੂਦ ਹਨ।
ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਵੱਲੋਂ ਸਥਾਪਿਤ ਕੀਤੇ 'ਕਾਊਂਸਲਿੰਗ ਸੈਂਟਰਾਂ' 'ਚ ਵਿਦਿਆਰਥੀਆਂ ਦੀ ਰੁਚੀ ਅਤੇ ਕੁਸ਼ਲਤਾ ਦੀ ਪਛਾਣ ਕਰਨ ਲਈ 'ਸਾਈਕੋਮ੍ਰੈਟਿਕ ਟੈਸਟ' ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਸਮੱਰਥਾ ਅਨੁਸਾਰ ਢੁੱਕਵੇਂ ਅਕਾਦਮਿਕ ਪੱਧਰ 'ਤੇ ਜਾਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਕਾਊਂਸਲਿੰਗ ਲਈ ਯੋਗਤਾ ਭਰਪੂਰ, ਤਜ਼ਰਬੇਕਾਰ ਅਤੇ ਸਿਖਲਾਈ ਪ੍ਰਾਪਤ 40 ਤੋਂ ਵੱਧ ਕਾਊਂਸਲਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ 'ਚ 109 ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਇਕੱਲੇ ਪੰਜਾਬ ਤੋਂ 28000 ਦੇ ਕਰੀਬ ਵਿਦਿਆਰਥੀ 'ਵਰਸਿਟੀ ਦੇ 'ਕਾਊਂਸਲਿੰਗ ਸੈਂਟਰਾਂ' ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ www.cuchd.in ਜਾਂ ਟੋਲ ਫਰੀ ਨੰਬਰ 1800 1212 88800 'ਤੇ ਸੰਪਰਕ ਕਰ ਸਕਦੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਦਯੋਗ ਦੇ ਹੋ ਰਹੇ ਨਿਰੰਤਰ ਵਿਕਾਸ ਅਤੇ ਤਕਨੀਕੀਆਂ ਤਬਦੀਲੀਆਂ ਕਾਰਨ ਹਮੇਸ਼ਾ ਨਵੇਂ ਖੇਤਰਾਂ ਦਾ ਨਿਰੰਤਰ ਉਭਾਰ ਹੋਇਆ ਹੈ, ਜਿਥੇ ਪੇਸ਼ਵਰਾਂ ਦੀ ਮੰਗ ਵੀ ਬਦਲਦੇ ਸਮੇਂ ਨਾਲ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਸਥਿਤੀਆਂ 'ਚ ਸਕੂਲੀ ਸਿੱਖਿਆ ਤੋਂ ਬਾਅਦ ਵਿਦਿਆਰਥੀਆਂ ਦਾ ਸਹੀ ਸਹੀ ਮਾਰਗ ਦਰਸ਼ਨ ਹੋਣਾ ਲਾਜ਼ਮੀ ਹੈ, ਜਿਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਕਰੀਅਰ ਕਾਊਂਸਲਿੰਗ ਸੈਂਟਰਾਂ ਦੇ ਮਾਧਿਅਮ ਰਾਹੀਂ ਪਹਿਲਕਦਮੀ ਕੀਤੀ ਹੈ। ਜਿਸ ਦੇ ਸਹਿਯੋਗ ਨਾਲ ਵਿਦਿਆਰਥੀ ਆਪਣੇ ਭਵਿੱਖ ਸਬੰਧੀ ਸਹੀ ਮਾਰਗ ਦੀ ਚੋਣ ਕਰ ਸਕਣਗੇ ਅਤੇ ਆਪਣੇ ਪਸੰਦੀਦਾ ਖੇਤਰ 'ਚ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਭਲੀਭਾਂਤ ਸਮਝ ਸਕਣਗੇ।