ਐਸ ਏ ਐਸ ਨਗਰ, 13 ਜੁਲਾਈ 2020: ਜ਼ਿਲ੍ਹੇ ਵਿੱਚ ਕਰੋਨਾ ਦੇ ਤੇਜ਼ੀ ਨਾਲ ਵੱਧਦੇ ਕੇਸਾਂ ਦੇ ਮੱਦੇਨਜ਼ਰ ਕਰੋਨਾ ਤੋਂ ਬਚਾਅ ਸਬੰਧੀ ਜਾਗਰੂਕਤਾ 'ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਏਡੀਸੀ ਐਸ.ਏ.ਐਸ. ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਜ਼ਿਲ੍ਹੇ ਦੇ ਸਮੂਹ ਵਿਭਾਗ, ਸਿਹਤ ਕਰਮੀ ਅਤੇ ਐਨਜੀਓਜ਼ ਭਰਪੂਰ ਉਪਰਾਲੇ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਭ ਦੇ ਸਾਂਝੇ ਯਤਨਾ ਸਦਕਾ ਜ਼ਿਲ੍ਹੇ ਮੋਹਾਲੀ ਵਿਚ 20000 ਤੋਂ ਵੱਧ ਲੋਕ ਮਿਸ਼ਨ ਫਤਿਹ ਵਾਰੀਅਰਜ਼ ਬਣ ਚੁੱਕੇ ਹਨ ਅਤੇ ਸਵੈ ਇੱਛਾ ਨਾਲ ਕੋਵਿਡ-19 ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣ ਵਿਚ ਸਹਿਯੋਗ ਦੇ ਰਹੋ ਹਨ।
ਉਹਨਾਂ ਦੱਸਿਆ ਕਿ ਸੂਬੇ ਦੇ 22 ਜ਼ਿਲ੍ਹਿਆਂ ਵਿਚੋਂ ਜ਼ਿਲ੍ਹਾ ਮੋਹਾਲੀ ਜਾਗਰੂਕਤਾ ਫੈਲਾਉਣ ਵਾਲੇ 3 ਮੋਹਰੀ ਜ਼ਿਲ੍ਹਿਆਂ ਵਿਚ ਸ਼ਾਮਿਲ ਹੋ ਗਿਆ ਹੈ। ਉਹਨਾਂ ਨੇ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਮਿਸ਼ਨ ਫਤਿਹ ਵਾਰੀਅਰਜ਼ ਮੁਕਾਬਲੇ ਵਿਚ 27 ਲੋਕਾਂ ਨੇ ਕਾਂਸੀ ਸਰਟੀਫਿਕੇਟ ਅਤੇ 10 ਨੇ ਚਾਂਦੀ ਸਰਟੀਫਿਕੇਟ ਹਾਸਲ ਕੀਤੇ ਹਨ।
ਸ੍ਰੀਮਤੀ ਜੈਨ ਨੇ ਕਿਹਾ ਕਿ ਦੇਸ਼ ਭਰ ਵਿਚ 'ਅਨਲਾੱਕ' ਲਾਗੂ ਹੋਣ ਕਾਰਨ ਲੋਕਾਂ ਦੀ ਇਕ ਸੂਬੇ ਤੋ ਦੂਜੇ ਸੂਬੇ ਵਿਚ ਆਵਾਜਾਈ ਵਧੀ ਹੈ ਜਿਸ ਦੇ ਚਲਦਿਆਂ ਕੋਵਿਡ -19 ਦੇ ਵਧੇਰੇ ਫੈਲਣ ਦਾ ਖਦਸ਼ਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਰੱਖਿਆ ਪ੍ਰੋਟੋਕੋਲਾਂ ਪ੍ਰਤੀ ਅਵੇਸਲੇ ਨਾ ਹੋਣ ਅਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਉਣ, ਸਾਬਣ ਜਾਂ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਘੱਟੋਂ ਘੱਟ 20 ਸੈਕਿੰਡ ਲਈ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ।