ਮੀਟਿੰਗ ਉਪਰੰਤ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ
ਫਿਰੋਜ਼ਪੁਰ 06 ਜੁਲਾਈ 2020 : ਪੰਜਾਬ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਵਿਚ ਪ੍ਰਧਾਨ ਬਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਓਮ ਪ੍ਰਕਾਸ਼ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂਆਂ ਬਲਵੰਤ ਸਿੰਘ ਸੰਧੂ, ਓਮ ਪ੍ਰਕਾਸ਼, ਮਲਕੀਤ ਚੰਦ ਪਾਸੀ, ਕੰਵਰਜੀਤ ਸ਼ਰਮਾ, ਸੰਤ ਰਾਮ, ਸੁਰਜੀਤ ਸਿੰਘ ਅਤੇ ਦੀਵਾਨ ਚੰਦ ਸੁਖੀਜਾ ਨੇ ਪੈਨਸ਼ਨਰ, ਮੁਲਾਜ਼ਮ ਮਾਰੂ ਨੀਤੀਆਂ ਦੀ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ ਪਹਿਲਾ 31 ਦਸੰਬਰ 2019 ਅਤੇ ਫਿਰ 30 ਜੂਨ 2020 ਅਤੇ ਹੁਣ 31 ਦਸੰਬਰ 2020 ਤੱਕ ਅੱਗੇ ਲਿਜਾ ਕੇ ਪੈਨਸ਼ਨਰਾਂ ਨਾਲ ਧੱਕਾ ਕੀਤਾ ਹੈ, ਜਿਸ ਕਾਰਨ ਪੈਨਸ਼ਨਰਾਂ, ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸਰਕਾਰ ਵਾਰ ਵਾਰ ਆਪਣੇ ਵਾਅਦੇ ਤੋਂ ਮੁਕਰ ਜਾਂਦੀ ਹੈ। ਆਗੂਆ ਨੇ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਦਿੱਤੀ ਜਾਵੇ, 144 ਮਹੀਨਿਆਂ ਦਾ ਡੀਏ ਦਾ ਬਕਾਇਆ ਅਤੇ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਦਿੱਤੀਆਂ ਜਾਣ, ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ 8 ਜੁਲਾਈ ਨੂੰ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੀਟਿੰਗ ਦੌਰਾਨ ਦੀਵਾਨ ਚੰਦ ਸੁਖੀਜਾ ਪ੍ਰਧਾਨ ਸਟਰੀਮ ਲਾਇਨ ਵੈਲਫੇਅਰ ਸੁਸਾਇਟੀ ਨੇ ਪੈਨਸ਼ਨਰਾਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮਦਨ ਲਾਲ, ਜਸਵੰਤ ਮੈਣੀ, ਦੁਰਗਾ ਦਾਸ, ਧਰਮਪਾਲ, ਜਗਤਾਰ ਸਿੰਘ, ਪਵਨ ਕੁਮਾਰ, ਮੁਖਤਿਆਰ ਸਿੰਘ, ਗੁਰਚਰਨ ਸਿੰਘ ਅਤੇ ਹਰਬੰਸ ਸਿੰਘ ਹਾਜ਼ਰ ਸਨ।