ਪਿਛਲੇ 3 ਸਾਲਾਂ 'ਚ 'ਵਰਸਿਟੀ ਦੇ ਉਦਮੀਆਂ ਨੇ 103 ਸਟਾਰਟਅੱਪ ਸਥਾਪਿਤ ਕਰਕੇ ਸਿਰਜਿਆ ਰਿਕਾਰਡ
ਰੋਜ਼ਗਾਰ ਦੀ ਭਾਲ ਕਰਨ ਦੀ ਬਜਾਏ, ਰੋਜ਼ਗਾਰ ਮੁਹੱਈਆ ਕਰਵਾਉਣ ਦੀ ਸਖ਼ਸ਼ੀਅਤ ਵਜੋਂ ਉਭਰੇ 'ਵਰਸਿਟੀ ਦੇ ਵਿਦਿਆਰਥੀ
ਦੇਸ਼ ਦੀਆਂ ਉਚਕੋਟੀ ਦੀਆਂ ਯੂਨੀਵਰਸਿਟੀਆਂ 'ਚ ਸ਼ੁਮਾਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇਸ਼ ਦੇ ਵਿਕਾਸ ਲਈ ਨੌਜਵਾਨ ਉਦਮੀ ਤਿਆਰ ਕਰਨ 'ਚ ਅਹਿਮ ਰੋਲ ਨਿਭਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਅਤੇ ਸਟਾਰਟਅੱਪ ਇੰਡੀਆ ਮੁਹਿੰਮ ਦੀ ਸਫ਼ਲਤਾ 'ਚ ਯੋਗਦਾਨ ਪਾਉਣ ਦੇ ਉਦੇਸ਼ ਨਾਲ 'ਵਰਸਿਟੀ ਦੇ ਉਦਮੀਆਂ ਨੇ ਪਿਛਲੇ ਤਿੰਨ ਸਾਲਾਂ ਦਰਮਿਆਨ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆ 103 ਸਟਾਰਟਅੱਪ ਸਥਾਪਿਤ ਕਰਕੇ ਵੱਡਾ ਰਿਕਾਰਡ ਸਿਰਜਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐਸ ਬਾਵਾ ਨੇ ਕੀਤਾ।
ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨਵੇਂ ਵਪਾਰਾਂ ਦੀ ਸ਼ੁਰੂਆਤ ਤੇ ਵਿਕਾਸ ਸਬੰਧੀ ਬਤੌਰ ਮਾਰਗ ਦਰਸ਼ਕ ਸੇਵਾਵਾਂ ਨਿਭਾ ਰਹੀ ਹੈ ਤਾਂ ਜੋ ਵਿਦਿਆਰਥੀ ਸਵੈ-ਨਿਰਭਰ ਹੋ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਸਕਣ ਕਿਉਂਕਿ ਕਿਸੇ ਵੀ ਦੇਸ਼ ਦੀ ਤਰੱਕੀ ਨੌਜਵਾਨ ਉਦਮੀਆਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਅਤੇ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਦੇ 'ਮੇਕ ਇੰਨ ਇੰਡੀਆ' ਦੇ ਸੁਫ਼ਨੇ ਨੂੰ ਸਾਕਾਰ ਕਰਨ 'ਚ ਯੋਗਦਾਨ ਪਾਉਣ ਲਈ ਸਾਲ 2017 ਵਿੱਚ 'ਵਰਸਿਟੀ ਵਿਖੇ ਟੈਕਨਾਲੋਜੀ ਬਿਜ਼ਨਸ ਇਨਕੁਬੇਟਰ (ਟੀਬੀਆਈ) ਸੈਂਟਰ ਦੀ ਸਥਾਪਨਾ ਕੀਤੀ ਗਈ। ਡਾ. ਬਾਵਾ ਨੇ ਕਿਹਾ ਟੀ.ਬੀ.ਆਈ ਸੈਂਟਰ ਵਿਖੇ 'ਵਰਸਿਟੀ ਦੇ ਉਦਮੀਆਂ ਵੱਲੋਂ 700 ਦੇ ਕਰੀਬ ਵਪਾਰਕ ਵਿਚਾਰ ਅਤੇ ਯੋਜਨਾਵਾਂ ਉਲੀਕੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੇ 3 ਸਾਲਾਂ 'ਚ ਵੱਖ-ਵੱਖ ਖੇਤਰਾਂ ਦੇ ਵਿਦਿਆਰਥੀਆਂ ਵੱਲੋਂ 103 ਦੇ ਕਰੀਬ ਸਟਾਰਟਅੱਪ ਸਫ਼ਲਤਾਪੂਰਵਕ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਉਦਮੀਆਂ ਦੇ ਹੁਨਰ ਅਤੇ ਜ਼ਜਬੇ ਨੂੰ ਉਤਸ਼ਾਹਿਤ ਕਰਨ ਲਈ 'ਵਰਸਿਟੀ ਵੱਲੋਂ 1.5 ਕਰੋੜ ਦਾ ਵਿਸ਼ੇਸ਼ ਬਜ਼ਟ ਰਾਖਵਾਂ ਰੱਖਿਆ ਗਿਆ ਹੈ।
ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਕਾਰੋਬਾਰੀ ਵਿਚਾਰਾਂ ਅਤੇ ਯੋਜਨਾਵਾਂ ਦੀ ਜਾਂਚ 'ਚ ਪੀ.ਐਸ.ਯੂ ਬੈਂਕਾਂ ਦੇ ਮੈਂਬਰ, ਸਫ਼ਲ ਉਦਮੀ, ਐਂਜਲ ਇਨਵੈਸਟਰ, ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਮਾਹਰ, ਐਸ.ਆਈ.ਡੀ.ਬੀ.ਆਈ ਆਦਿ ਵਿਸ਼ੇਸ਼ ਕਮੇਟੀ ਵਜੋਂ ਸਹਿਯੋਗ ਪ੍ਰਦਾਨ ਕਰਵਾ ਰਹੇ ਹਨ। ਜੋ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਵਿਦਿਆਰਥੀਆਂ ਦੇ ਪ੍ਰਾਜੈਕਟਾਂ ਅਤੇ ਉਦਮਾਂ ਦੀ ਜਾਂਚ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਟਾਰਟਅੱਪ ਸਥਾਪਿਤ ਕਰਨ ਲਈ 'ਵਰਸਿਟੀ ਵੱਲੋਂ ਵਿਆਪਕ ਪੱਧਰ 'ਤੇ ਵਿਦਿਆਰਥੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਵੇਂ ਕਿ ਲੋੜੀਂਦਾ ਬੁਨਿਆਦੀ ਢਾਂਚਾ, ਕੰਪਨੀ ਦੀ ਰਜਿਸਟ੍ਰੇਸ਼ਨ, ਯੋਗ ਸਿਖਲਾਈ, ਬੈਂਕ ਲੋਨ ਅਤੇ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਨਿਵੇਸ਼ਕਾਂ ਨੂੰ ਕਿਵੇਂ ਆਪਣੇ ਨਾਲ ਜੋੜਨਾ ਆਦਿ। ਡਾ. ਬਾਵਾ ਨੇ ਦੱਸਿਆ ਕਿ ਸਥਾਪਿਤ ਕੀਤੇ ਗਏ ਜ਼ਿਆਦਾਤਰ ਸਟਾਰਟਅੱਪ ਮਕੈਨੀਕਲ, ਕੰਪਿਊਟਰ ਸਾਇੰਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿਚੋਂ 21 ਮਕੈਨੀਕਲ ਅਤੇ 16 ਸਟਾਰਟਅੱਪ ਕੰਪਿਊਟਰ ਇੰਜੀਨੀਅਰਿੰਗ ਖੇਤਰ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ 'ਵਰਸਿਟੀ ਦੇ ਉਦਮੀਆਂ ਵੱਲੋਂ ਔਰਤਾਂ ਦੀ ਸੁਰੱਖਿਆ, ਖੇਤੀਬਾੜੀ ਪ੍ਰਫੁਲਿਤਾ, ਬਿਜਲਈ ਅਤੇ ਸੂਰਜੀ ਊਰਜਾ ਨਾਲ ਸਬੰਧਿਤ ਅਤੇ ਵੱਖ-ਵੱਖ ਸਮਾਜਿਕ ਮੁੱਦਿਆਂ ਦੇ ਅਧਾਰਿਤ ਸਟਾਰਟਅੱਪ ਸਥਾਪਿਤ ਕੀਤੇ ਗਏ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਵਰਸਿਟੀ ਵੱਲੋਂ ਹਮੇਸ਼ਾ ਟੀ.ਬੀ.ਆਈ ਸੈਂਟਰ ਦੇ ਮਾਧਿਅਮ ਰਾਹੀਂ ਜ਼ਮੀਨੀ ਪੱਧਰ 'ਤੇ ਉਦਮਾਂ ਅਤੇ ਨੌਜਵਾਨ ਉਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਮਜ਼ਬੂਤ ਆਰਥਿਕਤਾ 'ਚ ਨੌਜਵਾਨ ਉਦਮੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ, ਇਸੇ ਤਰ੍ਹਾਂ ਦਾ ਉਦੇਸ਼ ਤੇ ਟੀਚਾ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੁਰੀ ਹੈ ਤਾਂ ਜੋ ਵਿਦਿਆਰਥੀ ਸਮਾਜ 'ਚ ਰੋਜ਼ਗਾਰ ਦੀ ਭਾਲ ਕਰਨ ਦੀ ਬਜਾਏ, ਰੋਜ਼ਗਾਰ ਮੁਹੱਈਆ ਕਰਵਾਉਣ ਦੀ ਸਖ਼ਸ਼ੀਅਤ ਵਜੋਂ ਉਭਰਨ। ਸ. ਸੰਧੂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸਥਾਪਿਤ ਕਰਨ ਵੱਲ ਉਤਸ਼ਾਹਿਤ ਕਰਕੇ ਦੇਸ਼ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।