ਕਿਹਾ, ਜ਼ਿਲ੍ਹੇ ਦੇ ਅਧਿਆਪਕ ਅਤੇ ਵਿਦਿਆਰਥੀ ਮਿਸ਼ਨ ਫਤਿਹ ਵਿਚ ਵੱਧ-ਚੜ੍ਹ ਕੇ ਪਾ ਰਹੇ ਹਨ ਹਿੱਸਾ
ਐਸ.ਏ.ਐਸ. ਨਗਰ, 11 ਜੁਲਾਈ 2020: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਅਤੇ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਆਰੰਭ ਕੀਤੀ ਮਿਸ਼ਨ ਫਤਿਹ ਮੁਹਿੰਮ ਜ਼ਿਲ੍ਹਾ ਪੱਧਰ 'ਤੇ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਏਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਰਕਾਰ ਵੱਲੋਂ ਵਿੱਢੀ ਇਸ ਮੁਹਿੰਮ ਵਿਚ ਜਿਥੇ ਸਿਹਤ ਕਰਮੀ, ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਐਨਜੀਓ ਸਹਿਯੋਗ ਦੇ ਰਹੇ ਹਨ, ਉਥੇ ਹੀ ਜ਼ਿਲ੍ਹੇ ਦੇ ਅਧਿਆਪਕ ਅਤੇ ਵਿਦਿਆਰਥੀ ਮਿਸ਼ਨ ਫਤਿਹ ਵਿਚ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ।
ਉਹਨਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਬੱਚੇ ਨਾ ਸਿਰਫ ਆਪ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਹੇ ਹਨ ਸਗੋਂ ਲੋਕਾਂ ਨੂੰ ਕਰੋਨਾ ਦੇ ਸੰਕਟ ਤੋਂ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਅੱਗੇ ਫੈਲਾ ਰਹੇ ਹਨ। ਇੰਨਾ ਹੀ ਨਹੀਂ ਬਹੁਤ ਸਾਰੇ ਵਿਦਿਆਰਥੀ ਵਲੰਟੀਅਰਾਂ ਵਜੋਂ ਇਹ ਸੁਨੇਹਾ ਘਰ-ਘਰ ਪਹੁੰਚਾ ਰਹੇ ਹਨ।
ਉਹਨਾਂ ਵੱਲੋਂ ਲੋੜਵੰਦਾਂ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ “ਮੇਰਾ ਮਾਸਕ ਤੁਹਾਨੂੰ ਬਚਾਏਗਾ ਅਤੇ ਤੁਹਾਡਾ ਮਾਸਕ ਮੈਂਨੂੰ ਬਚਾਏਗਾ” ਦੇ ਨਾਅਰੇ ਹੇਠ ਲੋਕਾਂ ਨੂੰ ਮਾਸਕ ਦੀ ਅਹਿਮੀਅਤ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕ ਇਸ ਤੋਂ ਪ੍ਰੇਰਣਾ ਲੈਣ ਕਿ ਮਾਸਕ ਲਾਜ਼ਮੀ ਪਾਉਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਹਰੇਕ ਨਾਗਰਿਕ ਦਾ ਫ਼ਰਜ ਬਣਦਾ ਹੈ ਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਕੋਵਿਡ 19 ਦੀ ਐਡਵਾਈਜ਼ਰੀਆਂ ਬਾਰੇ ਜਾਗਰੂਕ ਕਰੇ। ਉਨਾਂ ਕਿਹਾ ਕਿ ਜਾਗਰੂਕ ਸਮਾਜ ਹਰੇਕ ਵੱਡੀ ਤੋਂ ਵੱਡੀ ਤੋਂ ਲੜਾਈ ਤੇ ਫਤਿਹ ਹਾਸਿਲ ਕਰ ਸਕਦਾ ਹੈ।