← ਪਿਛੇ ਪਰਤੋ
ਮਾਨਸਾ 14 ਜੁਲਾਈ 2020: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਕੋਵਿਡ-19 ਤਹਿਤ ਲਾਕਡਾਊਨ-2 ਸਬੰਧੀ ਪ੍ਰਾਪਤ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ ਹੋਵੇਗੀ। ਵਿਆਹ ਅਤੇ ਹੋਰ ਸਮਾਗਮਾਂ ’ਤੇ 50 ਦੀ ਬਜਾਏ ਸਿਰਫ 30 ਵਿਅਕਤੀਆਂ ਦੇ ਇਕੱਠੇ ਹੋਣ ਨੂੰ ਹੀ ਪ੍ਰਵਾਨਗੀ ਹੈ। ਇਸ ਤੋਂ ਇਲਾਵਾ ਸਸਕਾਰ ਦੌਰਾਨ ਪਹਿਲਾਂ ਦੀ ਤਰ੍ਹਾਂ 20 ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ। ਮੈਰਿਜ ਪੈਲੇਸਾਂ/ਹੋਟਲਾਂ ਆਦਿ ਵਿਚ ਕੋਵਿਡ-19 ਸਬੰਧੀ ਸਿਹਤ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਲਾਇਸੰਸ ਮੁਅੱਤਲ ਕਰ ਦਿੱਤਾ ਜਾਵੇਗਾ। ਮੈਰਿਜ ਪੈਲੇਸਾਂ/ਹੋਟਲਾਂ ਅਤੇ ਹੋਰ ਕਮਰਸ਼ੀਅਲ ਅਦਾਰਿਆਂ ਦੇ ਪ੍ਰਬੰਧਕਾਂ ਵੱਲੋਂ ਕੋਵਿਡ-19 ਸਬੰਧੀ ਵੈਂਟੀਲੇਸ਼ਨ ਦੇ ਢੁਕਵੇਂ ਪ੍ਰਬੰਧ ਕਰਨੇ ਲਾਜ਼ਮੀ ਕੀਤੇ ਗਏ ਹਨ। ਜਨਤਕ ਇਕੱਠਾਂ ’ਤੇ ਪੂਰਨ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ’ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਕੰਮਕਾਜ ਦੀਆਂ ਥਾਵਾਂ ਅਤੇ ਦਫ਼ਤਰਾਂ ਵਿਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਏਅਰ ਕੰਡੀਸ਼ਨ/ਵੈਂਟੀਲੇਸ਼ਨ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। ਦਫ਼ਤਰਾਂ ਵਿਚ ਪਬਲਿਕ ਡੀÇਲੰਗ ਕੇਵਲ ਅਤਿ ਜਰੂਰੀ ਕੰਮਾਂ ਲਈ ਹੀ ਕੀਤੀ ਜਾਵੇ। ਆਨਲਾਈਨ ਪਬਲਿਕ ਗਰੀਵੈਂਸ ਰੀਡਰੈੱਸਲ ਸਿਸਟਮ ਨੂੰ ਹਾਲ ਹੀ ਵਿਚ ਕੈਬਨਿਟ ਦੁਆਰਾ ਪ੍ਰਵਾਨਿਤ ਕੀਤਾ ਗਿਆ ਹੈ। ਦਫ਼ਤਰ ਅੰਦਰ ਮੰਗ ਪੱਤਰ ਦੇਣ ਲਈ ਆਉਣ ਤੇ ਮਨਾਹੀ ਹੋਵੇਗੀ। ਚਾਹ ਆਦਿ ਵਰਤਾਉਣ ਤੋਂ ਗੁਰੇਜ਼ ਕੀਤਾ ਜਾਵੇ। ਪੰਜ ਤੋਂ ਵੱਧ ਵਿਅਕਤੀ ਕਿਸੇ ਮੀਟਿੰਗ ਵਿਚ ਸ਼ਾਮਲ ਨਾ ਕੀਤੇ ਜਾਣ। ਜ਼ਿਲ੍ਹਾ ਮਾਨਸਾ ਦੇ ਸਾਰੇ ਕਾਰਜਸਾਧਕ ਅਫ਼ਸਰ, ਨਗਰ ਕੌਂਸਲ/ਨਗਰ ਪੰਚਾਇਤਾਂ ਦੁਆਰਾ ਸ਼ਹਿਰੀ ਖੇਤਰ ਵਿਚ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੁਆਰਾ ਪੇਂਡੂ ਖੇਤਰ ਵਿਚ ਸੈਨੀਟਾਈਜ਼ ਮੁਹਿੰਮ ਯਕੀਨੀ ਬਣਾਈ ਜਾਵੇਗੀ। ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹਦਾਇਤਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ।
Total Responses : 266