ਅਸ਼ੋਕ ਵਰਮਾ
ਬਠਿੰਡਾ, 06 ਜੁਲਾਈ 2020: ਪੰਜਾਬ ਦੀਆਂ ਪੰਜ ਮਜਦੂਰ ਕਿਸਾਨ ਜੱਥੇਬੰਦੀਆਂ, ਦਿਹਾਤੀ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ , ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਕ੍ਰਾਂਤੀਕਾਰੀ,ਔਰਤ ਕਰਜਾ ਮੁਕਤੀ ਸੰਘਰਸ਼ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਦੇ ਸੱਦੇ ‘ਤੇ ਇੱਥੇ ਕੀਤੀ ‘ਔਰਤ ਕਰਜਾ ਮੁਕਤੀ ਰੈਲੀ ’ਚ ਮਜ਼ਦੂਰਾਂ ਅਤੇ ਮਜਦੂਰ ਔਰਤਾਂ ਨੇ ਅੱਜ ਪ੍ਰਣ ਲਿਆ ਹੈ ਕਿ ਉਹ ਕਰਜਿਆਂ ਤੋਂ ਨਿਜਾਤ ਹਾਸਲ ਕਰਨ ਵਾਸਤੇ ਸੰਘਰਸ਼ ਜਾਰੀ ਰੱਖਣਗੇ। ਉਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਜਦੂਰ ਔਰਤਾਂ ਦਾ ਕਰਜਾ ਮੁਆਫ ਕਰਨ ਤੋਂ ਪਾਸਾ ਵੱਟਣ ਨੂੰ ਲੈਕੇ ਆਗੂ ਕਾਫੀ ਸਖ਼ਤ ਦਿਖੇ। ਵੱਖ ਵੱਖ ਪਿੰਡਾਂ ਤੋਂ ਬੱਸਾਂ ਰਾਹੀਂ ਬਠਿੰਡਾ ਰੈਲੀ ਲਈ ਪੁੱਜੇ ਮਜਦੂਰ ਪ੍ਰੀਵਾਰਾਂ ਨੇ ਆਖਿਆ ਕਿ ਮੋਟੇ ਵਿਆਜ ਲਾਉਣ ਕਾਰਨ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਕਰਜਾ ਉਨਾਂ ਦੇ ਜੀਅ ਦਾ ਜੰਜਾਲ ਬਣ ਗਿਆ ਹੈ। ਆਗੂਆਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਜਬਰੀ ਕਰਜਾ ਵਸੂਲੀ ਬੰਦ ਕੀਤੇ ਜਾਣ ਅਤੇ ਕੰਪਨੀਆਂ ਦੇ ਕਰਮਚਾਰੀਆਂ ਤੇ ਲੱਠਮਾਰਾਂ ਵੱਲੋਂ ਕਰਜਦਾਰ ਇਸਤਰੀਆਂ ਨਾਲ ਕੀਤਾ ਜਾ ਰਿਹਾ ਦੁਰਵਿਵਹਾਰ ਤੇ ਬੁਰਛਾਗਰਦੀ ਸਖਤੀ ਨਾਲ ਰੋਕੇ ਜਾਣ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀਆਂ ਦੇ ਆਗੂਆਂ ਮਹੀਪਾਲ, ਅਮਰਜੀਤ ਸਿੰਘ ਹਨੀ, ਸੁਖਪਾਲ ਸਿੰਘ ਖਿਆਲੀ ਵਾਲਾ, ਕੁਲਵੰਤ ਸਿੰਘ ਸੇਲਬਰਾਹ, ਦਰਸ਼ਨ ਸਿੰਘ ਜੰਡਾਂਵਾਲਾ, ਨਾਇਬ ਸਿੰਘ ਔਲਖ, ਮਿੱਠੂ ਸਿੰਘ ਘੁੱਦਾ, ਰਾਣੀ ਕੌਰ ਸੰਧੂ ਅਤੇ ਮੁਖਤਿਆਰ ਕੌਰ ਨੇ ਆਖਿਆ ਕਿ ਸਰਕਾਰ ਦੀ ਸ਼ਹਿ ਤੇ ਸੂਦਖੋਰ ਲੋਕ ਅਤੇ ਮਾਈਕਰੋਫਾਇਨਾਂਸ ਕੰਪਨੀਆਂ ਮਜਦੂਰਾਂ ਦਾ ਗਲਾ ਘੋਟਣ ਵਾਲੇ ਵਿਆਜ ਲਾ ਰਹੀਆਂ ਹਨ ਅਤੇ ਇਸ ਦਾ ਸਿੱਟਾ ਕਰਜੇ ਵਧਣ ਦੇ ਰੂਪ ‘ਚ ਨਿਕਲ ਰਿਹਾ ਹੈ । ਉਨਾਂ ਆਖਿਆ ਕਿ ਕਰੋਨਾ ਵਾਇਰਸ ਦੇ ਸੰਕਟ ਕਾਰਨ ਕਰਜਿਆਂ ਦੇ ਮਾਮਲੇ ’ਚ ਰਿਜ਼ਰਵ ਬੈਂਕ ਨੇ ਕੁੱਝ ਹਦਾਇਤਾਂ ਜਾਰੀ ਕੀਤੀਆਂ ਸਨ ਜਿੰਨਾਂ ਦੀ ਪਾਲਣਾ ਕਰਨ ਦੀ ਥਾਂ ਮਾਈਕਰੋ ਫਾਇਨਾਂਸ ਕੰਪਨੀਆਂ ਜੋਰ ਜਬਰਦਸਤੀ ਤੇ ਉੱਤਰ ਆਈਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪ੍ਸ਼ਾਸ਼ਕੀ ਮਸ਼ੀਨਰੀ ਰਿਜਰਵ ਬੈਂਕ ਦੀਆਂ ਦੇ ਹੁਕਮ ਲਾਗੂ ਕਰਵਾਉਣ ਲਈ ਉੱਕਾ ਹੀ ਸੰਜੀਦਗੀ ਨਹੀਂ ਦਿਖਾ ਰਹੇ ਹਨ ਜਿਸ ਕਰਕੇ ਧੱਕੇ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ।
ਉਨਾਂ ਆਖਿਆ ਕਿ ਸਰਕਾਰ ਦੀਆਂ ਇੰਨਾਂ ਨੀਤੀਆਂ ਕਾਰਨ ਕਰਜਈ ਹੋਈਆਂ ਮਜ਼ਦੂਰ ਔਰਤਾਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਹਨ ਪਰ ਕੋਈ ਸਾਰਥਿਕ ਪਹਿਲਕਦਮੀ ਨਾ ਕਰਕੇ ਹਕੂਮਤ ਨੇ ਜਮਾਤੀ ਦੁਸ਼ਮਣੀ ਵਾਲਾ ਵਿਹਾਰ ਕੀਤਾ ਹੈ। ਮਜਦੂਰ ਆਗੂ ਕਾਮਰੇਡ ਮਾਹੀਪਾਲ ਦਾ ਪ੍ਰਤੀਕਰਮ ਹੈ ਕਿ ਨਾਜ਼ੁਕ ਹਾਲਾਤ ਵਿੱਚੋਂ ਲੰਘ ਰਹੇ ਇਹ ਪਰਿਵਾਰ ਜੋ ਕਮਾਉਂਦੇ ਹਨ ਉਨਾਂ ਤੋਂ ਵੱਧ ਚੁੱਲਾ ਮਘਦਾ ਰੱਖਣ ਲਈ ਖਰਚਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪਾੜੇ ਨੇ ਮਜਦੂਰਾਂ ਸਿਰ ਕਰਜਾ ਚਾੜ ਦਿੱਤਾ ਹੈ ਪਰ ਨੇਤਾ ਭਾਸ਼ਣਬਾਜੀ ਤੋਂ ਸਿਵਾਏ ਕੁਝ ਨਹੀਂ ਕਰ ਰਹੇ ਹਨ। ਆਗੂਆਂ ਨੇ ਇਸ ਮੌਕੇ ਸਮੂਹ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਨ ਦੀ ਅਪੀਲ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇ ਫਾਈਨਾਂਸ ਕੰਪਨੀਆਂ ਦੀ ਧੱਕੇਸ਼ਾਹੀਆਂ ਬੰਦ ਨਾ ਕੀਤੀਆਂ ਤਾਂ ਇਸ ਦਾ ਪਿੰਡ-ਪਿੰਡ ਜੱਥੇਬੰਦਕ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਿਲਾ ਪ੍ਰਸ਼ਾਸ਼ਨ ਨੂੰ ਮੰਗਾਂ ਸਬੰੰਧੀ ਮੰਗ ਪੱਤਰ ਦਿੱਤਾ ਗਿਆ। ਧਰਨੇ ਦੌਰਾਨ ਮੰਚ ਸੰਚਾਲਨ ਕਾਮਰੇਡ ਪ੍ਕਾਸ਼ ਸਿੰਘ ਨੰਦਗੜ ਨੇ ਕੀਤਾ।