ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2020: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਲੋਕਾਂ ਦੀ ਜਿੰਦਗੀ ਗੰਦੇ ਪਾਣੀ ਦੇ ਛੱਪੜ ’ਚ ਫਸ ਗਈ ਹੈ। ਕੈਪਟਨ ਹਕੂਮਤ ਦੇ ਕਰੀਬ ਸਾਢੇ ਤਿੰਨ ਸਾਲ ਮਗਰੋਂ ਵੀ ਸੀਵਰੇਜ਼ ਦੀ ਗੰਦਗੀ ਤੋਂ ਖਹਿੜਾ ਨਹੀਂ ਛੁੱਟ ਸਕਿਆ ਹੈ। ਹੁਣ ਬਰਸਾਤ ਤੋਂ ਬਾਅਦ ਗਲੀਆਂ ’ਚ ਮੇਲਦਾ ਫਿਰਦਾ ਪਾਣੀ ਹਕੂਮਤ ਦੇ ਵਿਕਾਸ ਦੀ ਪੋਲ ਖੋਹਲ ਰਿਹਾ ਹੈ। ਆਖਦੇ ਹਨ ਕਿ ਹੁਣ ਤਾਂ ਪਿੰਡ ਦੀ ਹਾਲਤ ਏਨੀ ਜਿਆਦਾ ਤਰਸਯੋਗ ਹੋ ਗਈ ਹੈ ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ । ਹਾਲਾਤ ਕਿਹੋ ਜਿਹੇ ਵੀ ਰਹੇ ਹੋਣ ਮਹਿਰਾਜ ਦੇ ਲੋਕਾਂ ਨੇ ਕੈਪਟਨ ਨੂੰ ਹਮੇਸ਼ਾ ਮਹਰਾਜਾ ਹੀ ਸਮਝਿਆ ਹੈ। ਪਿੰਡ ਮਹਿਰਾਜ ਵਿੱਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ 2900 ਵੋਟ ਵਧੀ ਸੀ ਜਦੋਂਕਿ ਪਿਛੋਕੜ ’ਚ ਵੀ ਅੰਕੜੇ ਇਹੋ ਜਿਹੇ ਹੀ ਰਹੇ ਹਨ। ਇਸ ਦੇ ਬਾਵਜੂਦ ਪਿੰਡ ਦੀ ਕੋਈ ਸੁਣਵਾਈ ਨਹੀਂ ਹੋਈ ਹੈ ਜਿਸ ਨੂੰ ਲੈਕੇ ਪਿੰਡ ਵਾਸੀਆਂ ’ਚ ਨਰਾਜਗੀ ਦਾ ਮਹੌਲ ਬਣਿਆ ਹੋਇਆ ਹੈ।
ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਦੇ ਨੱਕ ਬੰਦ ਕਰਾ ਦਿੱਤੇ ਹਨ ਤੇ ਅਕਾਲੀਆਂ ਦੀਆਂ ਟਿੱਚਰਾਂ ਨੇ ਕਾਂਗਰਸੀਆਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਹੈ । ਪਿੰਡ ’ਚ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਲੰਘੇ ਕਈ ਵਰਿਆਂ ਤੋਂ ਪਿੰਡ ਮਹਿਰਾਜ ਦੇ ਸੀਵਰੇਜ ਦਾ ਇਹ ਹਾਲ ਹੈ ਜੋਕਿ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਸੀ। ਸੀਵਰੇਜ ਲਾਈਨਾਂ ਪੂਰੀ ਤਰਾਂ ਜਾਮ ਹੋ ਚੁੱਕੀਆਂ ਹਨ। ਕੈਪਟਨ ਹਕੂਮਤ ਆਉਣ ਤੋਂ ਬਾਅਦ ਸੀਵਰੇਜ਼ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਨੇਪਰੇ ਨਹੀਂ ਚੜ ਸਕਿਆ ਹੈ। ਪਤਾ ਲੱਗਿਆ ਹੈ ਕਿ ਨਵੰਬਰ 2016 ਵਿੱਚ ਵੱਡੇ ਪੱਧਰ ਤੇ ਸੀਵਰੇਜ ਦੀ ਗਾਰ ਕੱਢੀ ਗਈ ਸੀ। ਸੀਵਰੇਜ ਦੇ ਪਾਣੀ ਨੂੰ ਇਕੱਠਾ ਕਰਨ ਲਈ 12 ਏਕੜ ਰਕਬੇ ਵਿੱਚ ਛੱਪੜ ਹੈ ਜਿਸ ਤੋਂ ਨਿਕਾਸੀ ਵਾਸਤੇ ਸੀਵਰੇਜ਼ ਬੋਰਡ ਨੇ ਰਾਈਜਿੰਗ ਮੇਨ ਪਾਈ ਸੀ। ਸੂਤਰ ਦੱਸਦੇ ਹਨ ਕਿ ਇੰਨਾਂ ਪਾਈਪਾਂ ’ਚ ਗਾਰ ਫਸ ਗਈ ਹੈ ਜਿਸ ਨੂੰ ਸੀਵਰੇਜ਼ ਬੋਰਡ ਸਾਫ ਨਹੀਂ ਕਰਵਾ ਰਿਹਾ ਹੈੇ। ਸੂਤਰਾਂ ਮੁਤਾਬਕ ਸੀਵਰੇਜ਼ ਬੋਰਡ ਨੂੰ ਫੰਡ ਵੀ ਮਿਲੇ ਹਨ ਫਿਰ ਵੀ ਪਾਣੀ ਨਾਂ ਨਿੱਕਲਣਾ ਸਵਾਲ ਖੜੇ ਕਰਦਾ ਹੈ।
ਜਦੋਂ ਸਾਲ 2002 ’ਚ ਕੈਪਟਨ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਨੇ ਆਪਣੇ ਪੁਰਖਿਆਂ ਦੇ ਇਸ ਪਿੰਡ ਨੂੰ ਸੀਵਰੇਜ ਅਤੇ ਜਲ ਸਪਲਾਈ ਦੇ ਪ੍ਰੋਜੈਕਟ ਦਿੱਤੇ ਸਨ। ਮਹਿਰਾਜ ਦੇ ਕਾਂਗਰਸੀ ਨੇਤਾ ਆਖਦੇ ਹਨ ਕਿ ਅਕਾਲੀ ਨੇਤਾਵਾਂ ਦੇ ਮਿਹਣੇ ਸੁਣਨੇ ਪੈ ਰਹੇ ਹਨ ਪਰ ਸਰਕਾਰ ਚੁੱਪ ਵੱਟੀ ਬੈਠੀ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਮਸਲਾ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ ਸੀ ਪਰ ਹੱਲ ਨਹੀਂ ਕੱਢਿਆ ਗਿਆ । ਉਨਾਂ ਦੱਸਿਆ ਕਿ ਗਲੀਆਂ ਵਿੱਚੋਂ ਦੀ ਲੰਘਣਾ ਦੁੱਭਰ ਹੋ ਗਿਆ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਹੋਣ ਕਰਕੇ ਵਾਹਨ ਚਾਲਕਾਂ ਨੂੰ ਵੀ ਮੁਸ਼ਕਲ ਆਉਂਦੀ ਹੈ। ਪਿੰਡ ਵਾਸੀ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਸੀਵਰੇਜ ਦਾ ਪਾਣੀ ਜਲ ਘਰ ਤੇ ਮੇਨ ਹੋਲ਼ਜ਼ ਵਿੱਚ ਪੈਣ ਦਾ ਖਦਸ਼ਾ ਹੈ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਲੋਕਾਂ ਨੂੰ ਆਸ ਬੱਝੀ ਸੀ ਕਿ ਕੈਪਟਨ ਸਰਕਾਰ ਉਨਾਂ ਦੇ ਦੁੱਖਾਂ ਦੀ ਦਾਰੂ ਬਣੇਗੀ ਪ੍ਰੰਤੂ ਮਹਿਰਾਜ ਹੁਣ ਤੱਕ ਮੁੱਖ ਮੰਤਰੀ ਦੀ ਨਜ਼ਰ ਤੋਂ ਦੂਰ ਹੀ ਚੱਲਿਆ ਆ ਰਿਹਾ ਹੈ ।
ਅਕਾਲੀਆਂ ਵੇਲੇ ਚੰਗਾ ਹਾਲ ਸੀ ਪਿੰਡ ਦਾ
ਗੱਠਜੋੜ ਸਰਕਾਰ ਸਮੇਂ ਇਲਜਾਮ ਲੱਗਦੇ ਰਹੇ ਸਨ ਕਿ ਮਹਿਰਾਜ ਵਿਕਾਸ ਦੇ ਏਜੰਡੇ ‘ਤੇ ਨਹੀਂ ਰਿਹਾ ਅਤੇ ਅਕਾਲੀ ਸਰਕਾਰ ਪਿੰਡ ਦੀ ਸਿਆਸੀ ਤੌਰ ‘ਤੇ ਅਣਦੇਖੀ ਕਰ ਰਹੀ ਹੈ। ਅਸੈਂਬਲੀ ਚੋਣਾਂ ਸਮੇਂ ਪਿੰਡ ਦੇ ਦੁੱਖਾਂ ਦਾ ਹੱਲ ਕਾਂਗਰਸ ਸਰਕਾਰ ਬਨਾਉਣ ਨੂੰ ਦੱਸਿਆ ਗਿਆ ਸੀ। ਪਿੰਡ ਵਾਸੀ ਮਜਾਕੀਆ ਲਹਿਜੇ ’ਚ ਆਖਦੇ ਹਨ ਕਿ ਇਸ ਤੋਂ ਤਾਂ ਅਕਾਲੀਆਂ ਵੇਲੇ ਹੀ ਹਾਲ ਚੰੰਗਾ ਸੀ।
ਸੰਘਰਸ਼ ਬਿਨਾਂ ਹੱਲ ਨਹੀਂ : ਗੁਰਤੇਜ ਮਹਿਰਾਜ
ਸੀ.ਪੀ.ਆਈ ਐਮ.ਐਲ (ਲਿਬਰੇਸ਼ਨ) ਦੀ ਮਾਲਵਾ ਜੋਨ ਕਮੇਟੀ ਦੇ ਮੈਂਬਰ ਅਤੇ ਪਿੰਡ ਵਾਸੀ ਗੁਰਤੇਜ ਮਹਿਰਾਜ ਦਾ ਕਹਿਣਾ ਸੀ ਕਿ ਸਥਿਤੀ ਨੂੰ ਦੇਖਦਿਆਂ ਜਾਪਦਾ ਹੈ ਕਿ ਪਿੰਡ ਵਾਸੀਆਂ ਨੂੰ ਝੰਡਾ ਚੁੱਕਣਾ ਹੀ ਪੈਣਾ ਹੈ। ਉਨਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ’ਚ ਫੇਲ ਰਹੇ ਹਨ।
ਹੱਲ ਟਰੀਟਮੈਂਟ ਪਲਾਂਟ ਪੂਰਾ ਹੋਣ ਤੇ:ਐਸਡੀਓ
ਸਪਵਰੇਜ਼ ਬੋਰਡ ਦੇ ਐਸਡੀਓ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਪਿੰਡ ’ਚ ਨਵਾਂ ਟਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ ਜਿਸ ਦੇ ਮੁਕੰਮਲ ਹੋਣ ਤੇ ਸੀਵਰੇਜ਼ ਦਾ ਮਸਲਾ ਹੱਲ ਹੋਵੇਗਾ। ਉਨਾਂ ਆਖਿਆ ਕਿ ਬਾਰਸ਼ ਦਾ ਪਾਣੀ ਨੀਵੀਆਂ ਗਲੀਆਂ ’ਚ ਖੜਦਾ ਹੈ ਸੀਵਰੇਜ਼ ਕਾਰਨ ਨਹੀਂ। ਉਨਾਂ ਆਖਿਆ ਕਿ ਰਾਈਜਿੰਗ ਮੇਨ ਦੀ ਸਫਾਈ ਲਈ ਤਾਂ ਬੋਰਡ ਨੂੰ ਕੋਈ ਫੰਡ ਨਹੀਂ ਮਿਲੇ ਹਨ।
ਮੁੱਖ ਮੰਤਰੀ ਦਖਲ ਦੇਣ:ਬਾਹੀਆ
ਮਹਿਰਾਜ ਦੇ ਕਾਂਗਰਸੀ ਆਗੂ ਜਸਵੰਤ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਪਿੰਡ ’ਚ ਪਿਛਲੀ ਕੈਪਟਨ ਸਰਕਾਰ ਵਾਲੀ ਗੱਲ ਬਣੀ ਨਹੀਂ ਹੈ। ਉਨਾਂ ਆਖਿਆ ਕਿ ਹੁਣ ਮੁੱਖ ਮੰਤਰੀ ਦਖਲ ਦੇਣ ਤਾਂ ਹੀ ਮਸਲਾ ਹੱਲ ਹੋ ਸਕਦਾ ਹੈ। ਉਨਾਂ ਪਾਣੀ ਦੀ ਨਿਕਾਸੀ ਲਈ ਰਾਈਜ਼ਿੰਗ ਮੇਨ ਦੀਆਂ ਨਵੀਆਂ ਪਾਈਪਾਂ ਪਾਉਣ ਦੀ ਮੰਗ ਕੀਤੀ ਹੈ।