ਚੰਡੀਗੜ, 9 ਜੁਲਾਈ 2020: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਵਿਰੁੱਧ ਵਿੱਢੇ ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਨਿਰੰਤਰ ਜਾਗਰੂਕ ਕਰ ਕੇ ਚਾਂਦੀ ਤੇ ਕਾਂਸੀ ਦੇ 164 ਬੈਜ ਜਿੱਤਣ ਵਾਲੀਆਂ ਆਂਗਨਵਾੜੀ ਵਰਕਰਾਂ ਦੇ ਸਿਰੜ ਨੂੰ ਸਲਾਮ ਕੀਤਾ ਹੈ। ਉਨ•ਾਂ ਆਂਗਨਵਾੜੀ ਵਰਕਰਾਂ, ਹੈਲਪਰਾਂ ਤੇ ਸੁਪਰਵਾਈਜ਼ਰ ਬੀਬੀਆਂ ਨੂੰ ਅੱਗੇ ਵੀ ਇਸ ਬਿਮਾਰੀ ਖ਼ਿਲਾਫ਼ ਤਕੜੇ ਹੋ ਕੇ ਲੜਨ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ ਦੀ ਅਪੀਲ ਕੀਤੀ।
ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਵਰਕਰਾਂ ਤੇ ਸੁਪਰਵਾਈਜ਼ਰਾਂ ਨੇ ਚਾਂਦੀ ਦੇ ਕੁੱਲ 31 ਅਤੇ ਕਾਂਸੀ ਦੇ 133 ਬੈਜਿਜ ਹਾਸਲ ਕੀਤੇ ਹਨ, ਜਿਸ ਤੋਂ ਉਨ•ਾਂ ਦੇ ਮਹੀਨਾ ਭਰ ਚੱਲੇ ਇਸ ਮਿਸ਼ਨ ਪ੍ਰਤੀ ਸਮਰਪਣ ਦਾ ਪਤਾ ਚਲਦਾ ਹੈ। ਉਨ•ਾਂ ਦੱਸਿਆ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਖ਼ੁਦ ਮਾਸਕ ਤਿਆਰ ਕਰ ਕੇ ਵੀ ਲੋਕਾਂ ਨੂੰ ਵੰਡ ਰਹੀਆਂ ਹਨ। ਇਸ ਤੋਂ ਇਲਾਵਾ ਲਾਭਪਾਤਰੀ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰ ਘਰ ਜਾ ਕੇ ਪੌਸ਼ਟਿਕ ਖੁਰਾਕ ਮੁਹੱਈਆ ਕਰ ਰਹੀਆਂ ਹਨ ਤਾਂ ਜੋ ਲੌਕਡਾਊਨ ਦੌਰਾਨ ਬੱਚਿਆਂ ਤੇ ਗਰਭਵਤੀ ਔਰਤਾਂ ਦੇ ਪੋਸ਼ਣ ਵਿੱਚ ਕੋਈ ਕਮੀ ਨਾ ਰਹੇ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਆਂਗਨਵਾੜੀ ਵਰਕਰਾਂ ਨੇ ਕੋਵਿਡ ਮਹਾਂਮਾਰੀ ਤੋਂ ਲੋਕਾਂ ਨੂੰ ਸਾਵਧਾਨ ਕਰਨ ਲਈ ਘਰ-ਘਰ ਜਾਗਰੂਕਤਾ ਵੀ ਚਲਾਈ ਗਈ। ਇਸ ਮਿਸ਼ਨ ਤਹਿਤ ਆਂਗਨਵਾੜੀ ਵਰਕਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਓ ਲਈ ਹੱਥ ਧੋਂਦੇ ਰਹਿਣ, ਮਾਸਕ ਪਾ ਕੇ ਰੱਖਣ ਅਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਪ੍ਰੇਰਿਆ। ਇਨ•ਾਂ ਵਰਕਰਾਂ ਨੇ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ 20 ਸਕਿੰਟ ਤੱਕ ਹੱਥ ਧੋਣ ਦੀ ਸਹੀ ਵਿਧੀ, ਮਾਸਕ ਲਗਾਉਣ ਦੀ ਸਹੀ ਵਿਧੀ ਅਤੇ ਸਮਾਜਿਕ ਦੂਰੀ ਦੇ ਮਹੱਤਵ ਤੋਂ ਜਾਣੂ ਕਰਵਾਇਆ। ਉਨ•ਾਂ ਦੱਸਿਆ ਕਿ ਵਰਕਰਾਂ ਤੇ ਹੈਲਪਰਾਂ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਮੋਬਾਈਲ ਫੋਨਾਂ ਉਤੇ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰ ਰਹੀਆਂ ਹਨ ਤਾਂ ਜੋ ਪੀੜਤਾਂ ਤੋਂ ਦੂਰ ਰਹਿਣ ਦੇ ਨਾਲ ਨਾਲ ਇਸ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਪਤਾ ਲਗਦੀਆਂ ਰਹਿਣ।
ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਵਰਕਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਦੇ ਪੈਂਫਲੈਟ ਵੀ ਵੰਡੇ ਤੇ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ।