ਕਪੂਰਥਲਾ, 06 ਜੁਲਾਈ 2020: :ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਵਿਲੇਜ ਤੇ ਸਮਾਲ ਟਾਊਨਜ਼/ਪੈਟਰੋਲ ਐਕਟ, 1918 ਦੀ ਧਾਰਾ 3 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਅੰਦਰਲੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ/ਰਾਖੀ ਕਰਨ ਲਈ ਰੋਜ਼ਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਗਸ਼ਤ ਕਰਨ ਅਤੇ ਠੀਕਰੀ ਪਹਿਰੇ ਦੀ ਡਿਊਟੀ ਨਿਭਾਉਣ। ਇਹ ਹੁਕਮ 27 ਅਗਸਤ 2020 ਤੱਕ ਲਾਗੂ ਰਹਿਣਗੇ।
ਹੁਕਮਾਂ ਅਨੁਸਾਰ ਜ਼ਿਲੇ ਦੀ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਉਕਤ ਐਕਟ ਦੀ ਧਾਰਾ 4(1) ਦੀ ਪੂਰੀ ਤਰਜ਼ਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਅੰਦਰ ਉਕਤ ਡਿਊਟੀ ਲਾਗੂ ਕਰਾਉਣਗੀਆਂ ਅਤੇ ਡਿਊਟੀ ਦੇਣ ਵਾਲੇ ਵਿਅਕਤੀਆਂ ਦੀ ਅਗਾਊਂ ਸੂਚਨਾ ਸਬੰਧਤ ਮੁੱਖ ਥਾਣਾ ਅਫ਼ਸਰ ਅਤੇ ਜ਼ਿਲਾ ਮੈਜਿਸਟ੍ਰੇਟ ਦਫ਼ਤਰ ਨੂੰ ਕਰਨਗੀਆਂ।
ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਜ਼ਿਲਾ ਕਪੂਰਥਲਾ ਵਿਚ ਅੱਜਕਲ ਦੇ ਮੌਜੂਦਾ ਹਾਲਾਤ ਅਤੇ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ, ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਜ਼ਿਲੇ ਅੰਦਰ ਪੈਂਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਆਮ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਲਈ ਠੀਕਰੀ ਪਹਿਰਾ ਲਗਾਉਣ ਦੀ ਜ਼ਰੂਰਤ ਹੈ।