ਬਾਈਪੈਪ ਡਿਜ਼ਾਈਨ ਇਕੋ ਸਮੇਂ ਵਿਚ ਚਾਰ ਮਰੀਜ਼ਾਂ ਦੀ ਕਰ ਸਕਦਾ ਵੈਂਟੀਲੇਸ਼ਨ ਸਿਹਤ ਸਹਾਇਤਾ
ਹਰੀਸ਼ ਕਾਲੜਾ
ਰੂਪਨਗਰ, 06 ਜੁਲਾਈ 2020: ਕੋਵਿਡ-19 ਦੇ ਗੰਭੀਰ ਮਾਮਲਿਆਂ ਚ ਮੁੱਖ ਤੌਰ ਤੇ ਯਾਂਤਰਿਕ ਵੈਂਟੀਲੇਟਰ ਰਾਹੀਂ ਸਾਹ ਪ੍ਰਦਾਨ ਕਰਨ ਦੀ ਸਹਾਇਤਾ ਦੀ ਲੋੜ ਹੁੰਦੀ ਹੈ, ਪਰ, ਮੌਜੂਦਾ ਰੁਝਾਨ ਦੇ ਅਨੁਸਾਰ, ਲਗਭਗ 15 ਫ਼ੀਸਦੀ ਕੇਸਾਂ ਵਿੱਚ ਹਸਪਤਾਲ ਦਾਖਲ ਹੋਣਾ ਪੈਂਦਾ ਹੈ ਅਤੇ 5 ਫ਼ੀਸਦੀ ਤੋਂ ਘੱਟ ਕੇਸ ਗੰਭੀਰ ਹਨ। ਦੁਨੀਆ ਭਰ ਵਿੱਚ ਕੋਵਿਡ-19 ਕੇਸਾਂ ਦੀ ਭਾਰੀ ਸੰਖਿਆ ਦੇ ਕਾਰਨ, ਵੈਂਟੀਲੇਟਰਾਂ ਦੀ ਜ਼ਰੂਰਤ ਵੱਧ ਰਹੀ ਹੈ, ਅਤੇ ਇਹ ਰਵਾਇਤੀ ਵੈਂਟੀਲੇਟਰ ਬਹੁਤ ਮਹਿੰਗੇ ਹਨ ਅਤੇ ਸੀਮਤ ਗਿਣਤੀ ਵਿਚ ਉਪਲਬਧ ਹੋਣ ਕਾਰਨ ਅਤਿ ਨਾਜ਼ੁਕ ਮਾਮਲਿਆਂ ਲਈ ਵਰਤੋਂ ਅਧੀਨ ਹਨ। ਇਸੇ ਸੰਬੰਧ ਵਿਚ ਆਈ. ਆਈ. ਟੀ ਰੋਪੜ ਦੇ ਖੋਜਕਰਤਾਵਾਂ ਵਲੋਂ ਬਾਇਪੈਪ ਵੈਂਟੀਲੇਸ਼ਨ ਸਹਾਇਤਾ ਪ੍ਰਣਾਲੀ (ਬਾਇਲੈਵਲ ਪਾਜ਼ੇਟਿਵ ਏਅਰਵੇਅ ਪ੍ਰੈਸ਼ਰ) ਈਜ਼ਾਦ ਕੀਤੀ ਗਈ ਹੈ, ਜਿਸ ਦੀ ਵਰਤੋਂ ਘੱਟ ਨਾਜ਼ੁਕ ਮਾਮਲਿਆਂ ਲਈ ਕੀਤੀ ਜਾ ਸਕਦੀ ਹੈ ਜਿੱਥੇ ਮਰੀਜ਼ਾਂ ਨੂੰ ਵਿਸ਼ੇਸ਼ ਸਟਾਫ ਦੁਆਰਾ ਇੰਨਟਯੂਬੇਸ਼ਨ ਭਾਵ ਵਿਸ਼ੇਸ਼ ਪ੍ਰਣਾਲੀ ਰਾਹੀਂ ਆਕਸੀਜਨ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਅਤੇ ਇਹ ਪ੍ਰਣਾਲੀ ਕੋਵਿਡ-19 ਸੰਕਰਮਣ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
ਬਾਇਪੈਪ ਵੈਂਟੀਲੇਟਰ ਦਾ ਡਿਜ਼ਾਇਨ ਛੋਟਾ, ਸੰਚਾਲਿਤ ਕਰਨ ਵਿੱਚ ਅਸਾਨ ਹੈ, ਆਸਾਨੀ ਨਾਲ ਉਪਲਬਧ ਅਤੇ ਕਿਫਾਇਤੀ ਇਲੈਕਟ੍ਰਾਨਿਕ/ ਮਕੈਨੀਕਲ ਹਿੱਸਿਆਂ ਨਾਲ ਬਣਾਇਆ ਗਿਆ ਹੈ। ਇਹ ਅਸੇਂਬਲ ਕੀਤੇ ਜਾ ਸਕਦੇ ਹਨ ਅਤੇ ਦੂਰ ਦੁਰਾਡੇ ਦੇ ਇਲਾਕਿਆਂ, ਪਿੰਡਾਂ ਜਾਂ ਘਰ ਵਿੱਚ ਅਸਾਨੀ ਨਾਲ ਵਰਤੇ ਜਾ ਸਕਦੇ ਹਨ। ਇੱਕ ਵੈਂਟੀਲੇਟਰ ਕਈ ਮਰੀਜ਼ਾਂ ਨੂੰ ਵੈਂਟੀਲੇਸ਼ਨ ਸਹਾਇਤਾ ਪ੍ਰਦਾਨ ਕਰ ਸਕਦਾ ਹੈ, ਬਸ਼ਰਤੇ ਕਿ ਲੋੜੀਂਦਾ ਹਵਾ ਦਾ ਪ੍ਰਵਾਹ ਹੋਵੇ। ਆਈ.ਆਈ.ਟੀ. ਰੋਪੜ, ਮੈਟਲੋਰਜੀਕਲ ਅਤੇ ਮਟੀਰੀਅਲ ਇੰਜੀਨੀਅਰਿੰਗ ਵਿਭਾਗ ਦੀ ਡਾ: ਨੇਹਾ ਸਰਦਾਨਾ ਨੇ ਆਈ.ਆਈ.ਟੀ. ਰੋਪੜ ਵਿਖੇ ਖੋਜ ਵਿਦਵਾਨ ਸ੍ਰੀ ਗੌਰਵ ਪਾਲ ਸਿੰਘ ਦੇ ਨਾਲ ਮਿਲ ਕੇ ਇਸ ਨੂੰ ਵਿਕਸਤ ਕੀਤਾ। ਇੱਕ ਸਸਤੇ ਬਾਇਪੈਪ ਵੈਂਟੀਲੇਟਰ ਦਾ ਡਿਜ਼ਾਈਨ ਇੱਕ ਸੰਕਰਮਣ ਨਿਕਾਸ ਦੇ ਨਾਲ ਆਉਂਦਾ ਹੈ। ਬਾਇਪੈਪ ਵੈਂਟੀਲੇਸ਼ਨ ਦਾ ਇੱਕ ਢੰਗ ਹੈ ਜੋ ਹਵਾ ਦੇ ਦਾਖਲੇ ਲਈ ਸਕਾਰਾਤਮਕ ਦਬਾਅ ਬਣਾਈ ਰੱਖਦਾ ਹੈ, ਅਤੇ ਹਵਾ ਛੱਡਣ ਮੌਕੇ ਇੱਕ ਘੱਟ ਦਬਾਅ ਬਣਾਇਆ ਜਾਂਦਾ ਹੈ। ਇਸ ਨੂੰ ਫੇਫੜਿਆਂ ਦੇ ਦਬਾਅ ਤੋਂ ਹੇਠ ਚੰਗੀ ਤਰ੍ਹਾਂ ਕੰਮ ਕਰਨ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਲਈ ਗੈਰ-ਕੁਸ਼ਲ ਵਿਅਕਤੀਆਂ ਦੁਆਰਾ ਸੁਰੱਖਿਅਤ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਬਾਇਪੈਪ ਇੱਕ ਸਪੀਡ ਕੰਟਰੋਲਰ ਦੁਆਰਾ ਇੱਕ ਅਰਡਿਨੋ ਢਾਂਚੇ ਨਾਲ ਜੁੜੇ ਇੱਕ ਏਅਰ ਬਲੋਅਰ ਦੀ ਵਰਤੋਂ ਕਰਦਾ ਹੈ, ਜਿਸ ਰਾਹੀਂ ਦਬਾਅ ਅਤੇ ਸਾਹ ਦੀ ਦਰ ਦੇ ਪੱਧਰ ਨੂੰ ਅਰੂਡੀਨੋ (ਓਪਨ ਸੋਰਸ) ਵਿੱਚ ਪ੍ਰੋਗਰਾਮ ਕੀਤਾ ਜਾਂਦਾ ਹੈ, ਇਸ ਪ੍ਰਕਾਰ, ਬਲੋਅਰ ਬਾਇਪੈਪ ਮੋਡ ਵਿੱਚ ਕੰਮ ਕਰਦਾ ਹੈ। ਇਸ ਦੇ ਨਾਲ ਹੀ 3 ਡੀ ਪ੍ਰਿੰਟਿਡ ਮਾਸਕ ਵਿੱਚ ਹਵਾ ਦੇ ਦਾਖਲੇ ਅਤੇ ਨਿਕਾਸ ਲਈ ਇੱਕ ਵਿਲੱਖਣ ਡਿਜ਼ਾਇਨ ਸ਼ਾਮਲ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲੀਕੇਜ਼ ਤੋਂ ਬਚਾਅ ਲਈ ਹਰੇਕ ਵਿਅਕਤੀ ਨੂੰ ਫਿੱਟ ਹੋਣ ਲਈ ਇਸ ਦੇ ਦੋ ਸਾਈਜ਼ ਈਜ਼ਾਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਦੇ ਡਿਜ਼ਾਇਨ ਨੂੰ ਸੰਕਟਕਾਲੀ ਵਰਤੋਂ ਲਈ ਇੱਕ ਸਿੰਗਲ ਬਾਈਪੈਪ ਦੀ ਵਰਤੋਂ ਕਰਦੇ ਹੋਏ ਚਾਰ ਮਰੀਜ਼ਾਂ ਤੱਕ ਦੀ ਸਹਾਇਤਾ ਲਈ ਵਿਕਸਿਤ ਕੀਤਾ ਗਿਆ ਹੈ। ਇਸ ਦੇ ਵੱਡੇ ਉਤਪਾਦਨ 'ਤੇ ਲਗਭਗ 6500 ਭਾਰਤੀ ਰੁਪਏ ਜਾਂ 85 ਅਮਰੀਕੀ ਡਾਲਰ ਦਾ ਖ਼ਰਚ ਆਵੇਗਾ।ਵਪਾਰਕ ਬਾਈਪੈਪ ਮਹਿੰਗੇ ਹੁੰਦੇ ਹਨ ਅਤੇ ਮਾਸਕ ਹਵਾ ਨਿਕਾਸੀ ਨੂੰ ਆਲੇ ਦੁਆਲੇ ਲੀਕ ਕਰ ਦਿੰਦਾ ਹੈ ਅਤੇ ਕਿਉਂਕਿ ਨਿਕਾਸ ਕੀਤੀ ਗਈ ਹਵਾ ਫਿਲਟਰ ਨਹੀਂ ਹੁੰਦੀ, ਇਸ ਨਾਲ ਸਿਹਤ ਸੰਭਾਲ ਕਰਮਚਾਰੀਆਂ ਨੂੰ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ।
ਕੋਵੀਡ -19 ਮਹਾਂਮਾਰੀ ਨੇ ਵਿਸ਼ਵਵਿਆਪੀ ਸਿਹਤ ਸੇਵਾਵਾਂ ਲਈ ਇਕ ਵੱਡੀ ਚੁਣੌਤੀ ਪੇਸ਼ ਕੀਤੀ ਹੈ ਜਿਸ ਵਿਚ ਨਵੀਨਤਾਕਾਰੀ ਅਤੇ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। ਮੌਜੂਦਾ ਸਥਿਤੀ ਵਿਚ ਇਸ ਬਾਇਪੈਪ ਮਸ਼ੀਨ ਦਾ ਮਕਸਦ ਗੈਰ-ਨਾਜ਼ੁਕ ਮਰੀਜ਼ਾਂ ਲਈ ਇਕ ਕਿਫਾਇਤੀ ਅਤੇ ਉਪਭੋਗਤਾ-ਅਨੁਕੂਲ ਸਾਹ ਦੀ ਸਹਾਇਤਾ ਅਤੇ ਵੈਂਟੀਲੇਸ਼ਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਸਪਤਾਲਾਂ ਲਈ ਇਕ ਬੈਕਅਪ ਸਰੋਤ ਪ੍ਰਦਾਨ ਕਰਨਾ ਹੈ। ਅੰਤਮ ਬਾਈਪੈਪ ਡਿਜ਼ਾਈਨ ਇਕੋ ਸਮੇਂ ਵਿਚ ਚਾਰ ਮਰੀਜ਼ਾਂ ਦੀ ਸਿਹਤ ਸਹਾਇਤਾ ਕਰ ਸਕਦਾ ਹੈ ਅਤੇ ਕ੍ਰਾਸ ਇਨਫੈਕਸ਼ਨ ਦੇ ਜੋਖਮ ਨੂੰ ਘੱਟ ਕਰਨ ਲਈ ਦੋਨੋ ਹਵਾ ਦਾਖਲਾ ਅਤੇ ਨਿਕਾਸ ਲਈ ਫਿਲਟ੍ਰੇਸ਼ਨ ਪ੍ਰਣਾਲੀ ਮੌਜੂਦ ਹੈ।