ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2020: ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਸੱਦੇ ‘ਤੇ ਮਾਈਕਰੋਫਾਈਨਾਸ ਕੰਪਨੀਆਂ ਦੀ ਅੰਨੀ ਸੂਦਖੋਰੀ ਲੁੱਟ ਨੂੰ ਨੱਥ ਪਾਉਣ, ਔਰਤਾਂ ਤੋਂ ਕਰਜੇ ਦੀਆਂ ਕਿਸਤਾਂ ਜਬਰੀ ਵਸੂਲਣ ‘ਤੇ ਰੋਕ ਲਾਉਣ, ਮਜਦੂਰਾਂ ਦੇ ਸਰਕਾਰੀ ਤੇ ਗੈਰਸਰਕਾਰੀ ਕਰਜੇ ਖਤਮ ਕਰਨ, ਬਿਜਲੀ ਬਿੱਲਾਂ ਦੀ ਮੁਆਫੀ ਤੇ ਰੁਜਗਾਰ ਗਰੰਟੀ ਆਦਿ ਮੰਗਾਂ ਨੂੰ ਲੈਕੇ ਸਬ ਤਹਿਸੀਲ ਲੰਬੀ ਵਿਖੇ 21 ਜੁਲਾਈ ਨੂੰ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਅੱਜ ਪਿੰਡ ਸਿੰਘੇਵਾਲਾ ਚ ਇਲਾਕੇ ਦੇ ਮਜਦੂਰਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ। ਇਸ ਵਿੱਚ ਖਿਓਵਾਲੀ, ਖੁੱਡੀਆਂ, ਕਿੱਲਿਆਂਵਾਲੀ, ਮਾਲਵਾ ਰੋਡ, ਫਤੂਹੀਵਾਲਾ ਤੇ ਸਿੰਘੇਵਾਲਾ ਦੇ ਆਗੂ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕਾਲਾ ਸਿੰਘ,ਤਾਰਾਵੰਤੀ ਤੇ ਗੁਰਮੇਲ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ‘ਤੇ ਕਰੋਨਾ ਦੀ ਆੜ ਹੇਠ ਮਜਦੂਰ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲਾਕਡਾਊਨ ਕਾਰਨ ਮਜਦੂਰਾਂ ਦਾ ਰੁਜਗਾਰ ਖੁੱਸਣ ਦੇ ਬਾਵਜੂਦ ਵੀ ਮਜਦੂਰ ਔਰਤਾਂ ਵਲੋਂ ਮਾਈਕਰੋਫਾਇਨਾਂਸ ਕੰਪਨੀਆਂ ਤੋਂ ਲਏ ਕਰਜੇ ਦੀਆਂ ਕਿਸਤਾਂ ਵਸੂਲਣ ਉਤੇ ਰੋਕ ਨਹੀਂ ਲਾਈ ਗਈ ਜਿਸ ਕਾਰਨ ਕੰਪਨੀਆਂ ਦੇ ਕਰਿੰਦੇ ਮਜਬੂਰ ਔਰਤਾਂ ਤੇ ਕਿਸਤਾਂ ਭਰਨ ਲਈ ਦਬਾਅ ਪਾ ਰਹੇ ਹਨ। ਉਹਨਾਂ ਆਖਿਆ ਕਿ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਹਰ ਸਾਲ ਵੱਟੇ ਖਾਤੇ ਪਾਏ ਜਾਂਦੇ ਹਨ ਪਰ ਮਜਦੂਰ ਔਰਤਾਂ ਦੇ ਕੁਝ ਹਜਾਰ ਰੁਪਏ ਪਿੱਛੇ ਕੰਪਨੀਆਂ ਵਾਲੇ ਘਰੇਲੂ ਸਮਾਨ ਕੁਰਕ ਕਰਨ ਦੀਆਂ ਧਮਕੀਆਂ ਦੇ ਰਹੇ ਹਨ।
ਉਹਨਾਂ ਕੈਪਟਨ ਸਰਕਾਰ ‘ਤੇ ਦੋਸ਼ ਲਾਇਆ ਕਿ ਉਸਨੇ ਕਰੋਨਾ ਸੰਕਟ ਦੌਰਾਨ ਮਜਦੂਰਾਂ ਦੀ ਬਾਂਹ ਫੜਨ ਦੀ ਥਾਂ ਵੱਡੀ ਪੱਧਰ ਤੇ ਰਾਸਨ ਕਾਰਡ ਹੀ ਕੱਟ ਦਿੱਤੇ ਅਤੇ ਹਜਾਰਾਂ ਰੁਪਏ ਦੇ ਬਿਜਲੀ ਬਿੱਲ ਭੇਜ ਦਿੱਤੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੀ ਥਾਂ ਇਸ ਬਿਮਾਰੀ ਦੇ ਬਹਾਨੇ ਕਿਰਤ ਕਾਨੂੰਨਾਂ ਚ ਮਜਦੂਰ ਵਿਰੋਧੀ ਸੋਧਾਂ ਕਰਨ ਰਾਹੀਂ ਮਜਦੂਰਾਂ ਨਾਲ ਧ੍ਰੋਹ ਕਮਾਇਆ ਹੈ ਤੇ ਬਿਜਲੀ ਬਿੱਲ 2020 ਲਿਆ ਕੇ ਮਜਦੂਰਾਂ ਨੂੰ ਘਰੇਲੂ ਬਿਜਲੀ ਬਿੱਲ ਚ ਮਿਲਦੀ 400 ਯੂਨਿਟਾਂ ਦੀ ਮੁਆਫੀ ਖਤਮ ਕਰਨ ਸਮੇਤ ਬੋਰਡ ਦੇ ਮੁਕੰਮਲ ਨਿੱਜੀਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਉਹਨਾਂ ਆਖਿਆ ਕਿ ਧਰਨੇ ਦੌਰਾਨ ਕਰਜਾ ਤੇ ਬਿੱਲ ਮੁਆਫੀ ਤੋਂ ਇਲਾਵਾ ਕੱਟੇ ਕਾਰਡ ਬਹਾਲ ਕਰਨ, ਸਾਲ ਭਰ ਦੇ ਪੱਕੇ ਰੁਜਗਾਰ ਦੀ ਗਰੰਟੀ ਕਰਨ , ਜਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀ ਜਮੀਨ ਦੀ ਮਜੂਦਰਾ ਚ ਵੰਡ ਕਰਨ ਅਤੇ ਮੁਲਕ ਭਰ ਚ ਗਿਰਫਤਾਰ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੇ ਸੀਏਏ ਵਿਰੋਧੀ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਜਾਵੇਗੀ।
ਖਿਓਵਾਲੀ ਕਤਲ ਸਬੰਧੀ ਧਰਨਾ 15 ਨੂੰ
ਇਸ ਮੌਕੇ ਇਲਾਕੇ ਦੇ ਪਿੰਡ ਖਿਓਵਾਲੀ ‘ਚ ਕਰੀਬ ਦੋ ਮਹੀਨੇ ਪਹਿਲਾਂ ਕਤਲ ਕੀਤੇ ਮਜਦੂਰ ਦੇ ਕਾਤਲਾਂ ਨੂੰ ਕਥਿਤ ਸਿਆਸੀ ਤੇ ਪੈਸੇ ਦੇ ਜੋਰ ਕਾਰਨ ਪੁਲੀਸ ਵਲੋਂ ਗਿਰਫਤਾਰ ਨਾਂ ਕਰਨ ਦੀ ਅਲੋਚਨਾਂ ਕਰਦਿਆਂ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ 15 ਜੁਲਾਈ ਨੂੰ ਲੰਬੀ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਸਫਲਤਾ ਲਈ ਵੀ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਮੰਦਰ ਸਿੰਘ ਖਿਓਵਾਲੀ, ਜਗਸੀਰ ਸਿੰਘ, ਰਜਨੀ , ਮੱਖਣ ਸਿੰਘ ਤੇ ਰੂਪ ਸਿੰਘ ਆਦਿ ਆਗੂ ਹਾਜਰ ਸਨ ।