ਕੋਵਿਡ-19, ਮਿਸ਼ਨ ਫਤਿਹ, ਵਿਕਾਸ ਕਾਰਜਾਂ ,ਹੜ੍ਹ ਰੋਕੂ ਪ੍ਰਬੰਧਾਂ ਅਤੇ ਟਿੱਡੀ ਦਲ ਦੀ ਰੋਕਥਾਮ ਆਦਿ ਦਾ ਲਿਆ ਜਾਇਜ਼ਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 06 ਜੁਲਾਈ 2020: ਫਰੀਦਕੋਟ ਡਵੀਜ਼ਨਲ ਦੇ ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਵੱਲੋਂ ਡਵੀਜਨ ਅਧੀਨ ਆਉਂਦੇ ਜਿਲ੍ਹਿਆਂ ਫਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਕੋਵਿਡ-19, ਮਿਸ਼ਨ ਫਤਿਹ, ਵੱਖ ਵੱਖ ਵਿਕਾਸ ਕਾਰਜਾਂ ਅਤੇ ਹੜ੍ਹ ਰੋਕੂ ਪ੍ਰਬੰਧਾਂ ਅਤੇ ਟਿੱਡੀ ਦਲ ਦੀ ਰੋਕਥਾਮ ਆਦਿ ਲਈ ਕੀਤੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ । ਇਸ ਮੀਟਿੰਗ ਵਿੱਚ ਸ੍ਰੀ ਵਿਮਲ ਕੁਮਾਰ ਸੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ, ਸ੍ਰੀ ਬੀ ਸ੍ਰੀ ਨਿਵਾਸਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸ੍ਰੀ ਮਹਿੰਦਰਪਾਲ ਡਿਪਟੀ ਕਮਿਸ਼ਨਰ ਮਾਨਸਾ ਨੇ ਸ਼ਿਰਕਤ ਕੀਤੀ ।
ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਤੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਬੰਧਤ ਜਿਲ੍ਹਿਆਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ, ਮਰੀਜਾਂ ਦੇ ਇਲਾਜ, ਸਕਰੀਨਿੰਗ, ਟੈਸਟਿੰਗ, ਆਈਸੋਲੇਸ਼ਨ ਵਾਰਡਾਂ, ਕੋਵਿਡ ਕੇਅਰ ਸੈਂਟਰ ਆਦਿ ਸਬੰਧੀ ਜਾਣਕਾਰੀ ਹਾਸਲ ਕੀਤੀ। ਸਬੰਧਤ ਡਿਪਟੀ ਕਮਿਸ਼ਨਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਸਮੇਂ ਫਰੀਦਕੋਟ ਵਿੱਚ ਕੁੱਲ 22 ਐਕਟਿਵ ਕਰੋਨਾ ਕੇਸ ਹਨ ਜਦੋਂ ਕਿ 100 ਮਰੀਜ਼ ਹੁਣ ਤੱਕ ਤੰਦਰੁਸਤ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਜਿਲ੍ਹੇ ਵਿੱਚ 32 ਐਕਟਿਵ ਕੇਸ ਹਨ ਜਦੋਂ ਕਿ 98 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਮਰੀਜਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਮਾਨਸਾ ਵਿੱਚ 6 ਐਕਟਿਵ ਕੇਸ ਹਨ ਜਦੋਂ ਕਿ 45 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।
ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਕੋਸ਼ਿਕ ਨੇ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਸਬੰਧੀ ਡਵੀਜ਼ਨ ਦੇ ਤਿੰਨਾ ਜਿਲ੍ਹਿਆਂ ਵਿੱਚ ਚੱਲ ਰਹੀ ਜਾਗਰੂਕਤਾ ਮੁਹਿੰਮ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਮਹਾਂਮਾਰੀ ਦੀ ਰੋਕਥਾਮ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਇਸ ਮੌਕੇ ਬਰਸਾਤੀ ਮੌਸਮ ਤੌਂ ਪਹਿਲਾਂ ਸੰਭਾਵੀਂ ਹੜ੍ਹਾਂ ਤੋਂ ਬਚਾਅ ਲਈ ਸਬੰਧਤ ਜਿਲ੍ਹਿਆਂ ਵਿੱਚ ਕੀਤੇ ਗਏ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਸਬੰਧੀ ਕੀਤੀ ਗਏ ਅਗਾਊਂ ਪ੍ਰਬੰਧਾਂ ਬਾਰੇ ਵੀ ਜਾਇਜ਼ਾ ਲਿਆ । ਇਸ ਤੋਂ ਇਲਾਵਾ ਉਨ੍ਹਾਂ ਤਿੰਨਾ ਜਿਲ੍ਹਿਆਂ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਅਤੇ ਉਨ੍ਹਾਂ ਦੀ ਪ੍ਰਗਤੀ ਆਦਿ ਬਾਰੇ ਵੀ ਵਿਸਥਾਰ ਸਾਹਿਤ ਜਾਣਕਾਰੀ ਹਾਸਲ ਕੀਤੀ।