ਪਿੰਡ ਜਿਉਣ ਸਿੰਘ ਵਾਲਾ ਦੇ ਕਿਸਾਨ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਪਸ਼ੂਆਂ ਲਈ 25 ਟਰਾਲੀਆਂ ਤੂੜੀ ਦਾਨ ਕੀਤੀਆਂ
- ਕੁਦਰਤੀ ਆਫ਼ਤ ਦੌਰਾਨ ਬੇਜ਼ੁਬਾਨਾਂ ਲਈ ਕੀਤੀ ਸੇਵਾ ਸ਼ਲਾਘਾਯੋਗ ਕਦਮ-ਡਿਪਟੀ ਕਮਿਸ਼ਨਰ
ਮਾਨਸਾ, 23 ਜੁਲਾਈ 2023 - ਪਿੰਡ ਜਿਉਣ ਸਿੰਘ ਵਾਲਾ ਦੇ ਵਸਨੀਕ ਕਿਸਾਨ ਲਖਵੀਰ ਸਿੰਘ ਵੱਲੋਂ ਜ਼ਿਲ੍ਹਾ ਮਾਨਸਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪਸ਼ੂਆਂ ਲਈ 25 ਟਰਾਲੀਆਂ ਤੂੜੀ ਦਾਨ ਕੀਤੀ ਗਈ ਹੈ ਜੋ ਕਿ ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਦੀ ਗਊਸ਼ਾਲਾ ਵਿਖੇ ਰਖਵਾਈ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਐਸ ਡੀ ਐਮ ਫਰੀਦਕੋਟ ਬਲਜੀਤ ਕੌਰ ਦੇ ਯਤਨਾ ਸਦਕਾ ਜ਼ਿਲ੍ਹਾ ਫਰੀਦਕੋਟ ਦੇ ਪਿੰੰਡ ਜਿਉਣ ਸਿੰਘ ਵਾਲਾ ਦੇ ਕਿਸਾਨ ਨੇ ਪਹਿਲਕਦਮੀ ਕਰਦਿਆਂ ਪਸ਼ੂਆਂ ਲਈ ਤੂੜੀ ਭੇਜੀ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਮੌਕੇ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਾਨੀ ਸੱਜਣ ਵਧ ਚੜ੍ਹ ਕੇ ਅੱਗੇ ਆਏ ਹਨ ਉੱਥੇ ਹੀ ਬੇਜ਼ੁਬਾਨਾ ਲਈ ਵੀ ਅਜਿਹੇ ਦਾਨੀ ਲੋਕਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੈਰਾ ਖੁਰਦ ਦੀ ਗਊਸ਼ਾਲਾ ਵਿਚੋਂ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਇਹ ਤੂੜੀ ਮੁਹੱਈਆ ਕਰਵਾਈ ਜਾਵੇਗੀ ਅਤੇ ਪਸ਼ੂਆਂ ਦੀ ਦੇਖਭਾਲ ਤੇ ਸਿਹਤ ਸੰਭਾਲ ਪ੍ਰਤੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਨੇ 50 ਟਰਾਲੀਆਂ ਤੂੜੀ ਤਿਆਰ ਕੀਤੀ ਹੋਈ ਸੀ।ਮਾਨਸਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ 25 ਟਰਾਲੀਆਂ ਦਾਨ ਦਿੱਤੀਆਂ ਗਈਆਂ ਹਨ।ਕਿਸਾਨ ਨੇ ਕਿਹਾ ਕਿ ਉਹ ਮਾਨਵਤਾ ਅਤੇ ਪਸ਼ੂ ਭਲਾਈ ਲਈ ਹਮੇਸ਼ਾ ਤਤਪਰ ਹਨ। ਲੋੜ ਪੈਣ ’ਤੇ ਅੱਗੇ ਤੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਤਿਆਰ ਰਹਿਣਗੇ।
ਇਸ ਮੌਕੇ ਕਿਸਾਨ ਨਾਲ ਸੁਖਚੈਨ ਸਿੰਘ, ਮਨਵਿੰਦਰ ਸਿੰਘ ਫੌਜੀ,ਕਰਮਵੀਰ ਖਾਲਸਾ ਅਤੇ ਗੋਗਾ ਬਰਾੜ ਮੌਜੂਦ ਸਨ।