ਯੂਕਰੇਨ ਉਤੇ ਰੂਸੀ ਹਮਲੇ ਖਿਲਾਫ ਲਿਬਰੇਸ਼ਨ ਵੱਲੋਂ ਪੰਜਾਬ ਭਰ ’ਚ ਰੋਸ ਵਿਖਾਵੇ
ਅਸ਼ੋਕ ਵਰਮਾ
ਮਾਨਸਾ,28 ਫਰਵਰੀ 2022: ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਯੁਕਰੇਨ ਦੀ ਨਾਗਰਿਕ ਆਬਾਦੀ ਉਤੇ ਰੂਸ ਵੱਲੋਂ ਮਿਜਾਇਲਾਂ ਤੇ ਟੈਂਕਾਂ ਰਾਹੀਂ ਕੀਤੇ ਜਾ ਰਹੇ ਹਮਲਿਆਂ ਖਿਲਾਫ ਅੱਜ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਕੀਤੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਸਾਮਰਾਜ ਦੀ ਚੌਧਰ ਹੇਠਲੇ ਨਾਟੋ ਗਠਜੋੜ ਵੱਲੋਂ ਅਪਣੇ ਸੁਆਰਥਾਂ ਦੀ ਪੂਰਤੀ ਲਈ ਇਸ ਖਿੱਤੇ ਵਿਚ ਜੰਗ ਭੜਕਾਉਣ ਦਾ ਮਾਹੌਲ ਬਣਾਉਣ ਦੇ ਵਿਰੋਧ ਅਤੇ ਪੜ੍ਹਾਈ ਲਈ ਯੂਕਰੇਨ ਗਏ ਵਿਦਿਆਰਥੀਆਂ ਦੀ ਸੁਰੱਖਿਆ ਤੇ ਸੁਰੱਖਿਅਤ ਵਾਪਸੀ ਲਈ ਅਰਥੀਆਂ ਵੀ ਫੂਕੀਆਂ । ਯੂਕਰੇਨ ਪੜ੍ਹਨ ਗਏ ਮਾਨਸਾ ਜਿਲ੍ਹੇ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਨ੍ਹਾਂ ਪ੍ਰਦਰਸ਼ਨਾਂ ’ਚ ਵਧ ਚੜ੍ਹ ਕੇ ਹਿੱਸਾ ਲਿਆ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਰਾਣਾ ਨੇ ਦੱਸਿਆ ਕਿ ਲਿਬਰੇਸ਼ਨ ਦੇ ਸੱਦੇ ਤੇ ਅੱਜ ਮਾਨਸਾ,ਭੀਖੀ, ਬਠਿੰਡਾ, ਨਿਹਾਲ ਸਿੰਘ ਵਾਲਾ, ਮੋਗਾ, ਦਿੜ੍ਹਬਾ(ਸੰਗਰੂਰ),ਬਰਨਾਲਾ,ਫਰੀਦਕੋਟ, ਫਿਰੋਜ਼ਪੁਰ ਆਦਿ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ।ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜੰਗ ਦੇਸ਼ਾਂ ਦੇ ਹੁਕਮਰਾਨ ਛੇੜਦੇ ਹਨ, ਪਰ ਇਸ ਵਿਚ ਸਭ ਤੋਂ ਭਿਆਨਕ ਜਾਨੀ ਤੇ ਮਾਲੀ ਨੁਕਸਾਨ ਉਨ੍ਹਾਂ ਸਧਾਰਨ ਬੇਕਸੂਰ ਲੋਕਾਂ ਦਾ ਹੁੰਦਾ ਹੈ, ਜੋ ਨਾ ਜੰਗ ਚਾਹੁੰਦੇ ਹਨ ਅਤੇ ਨਾ ਹੀ ਜੰਗ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਯੁਕਰੇਨ ਵਿਚ ਬੰਬਾਰੀ ਕਾਰਨ ਜਿਆਦਾਤਰ ਬੱਚੇ ਔਰਤਾਂ ਤੇ ਬਜੁਰਗ ਮਾਰੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੌਤ ਤੇ ਬਰਬਾਦੀ ਦੇ ਇਸ ਤਾਂਡਵ ਦੇ ਖਿਲਾਫ ਰੂਸ ਸਮੇਤ ਦੁਨੀਆਂ ਭਰ ਦੇ ਅਮਨ ਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਆਵਾਜ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਆੜ ਚ ਅਮਰੀਕਾ ਤੇ ਨਾਟੋ ਦੇ ਹਿੱਸੇਦਾਰ ਦੇਸ਼ ਆਪਣੇ ਲੋਕ ਦੋਖੀ ਸਾਮਰਾਜ ਤੇ ਚੌਧਰਵਾਦ ਨੂੰ ਸਥਾਪਤ ਕਰਨ ਦੇ ਨਾਲ ਨਾਲ ਆਪਣੇ ਸੌੜੇ ਆਰਥਿਕ ਲਾਭ ਲਈ ਵਿਸ਼ਵ ਨੂੰ ਜੰਗ ਦੇ ਲਾਂਬੂ ’ਚ ਝੋਕ ਦੇਣਾ ਚਾਹੁੰਦੇ ਹਨ। ਆਗੂਆਂ ਨੇ ਇਸ ਨਿਹੱਕੀ ਤੇ ਲੋਟੂ ਜੰਗ ਨੂੰ ਤੁਰੰਤ ਬੰਦ ਕਰਨ ਅਤੇ ਆਮ ਜਨਤਾ ਦੀ ਕਤਲੋਗਾਰਦ ਬੰਦ ਕਰਕੇ ਆਪਸੀ ਵਿਵਾਦਾਂ ਦੇ ਹੱਲ ਲਈ ਰੁਸ ਤੇ ਯੁਕਰੇਨ ਆਪਸ ਵਿਚ ਸਿੱਧੀ ਗੱਲਬਾਤ ਤੁਰੰਤ ਮੁੜ ਸੁਰੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ।
ਲਿਬਰੇਸ਼ਨ ਆਗੂਆਂ ਨੇ ਯੁਕਰੇਨ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸਮਾਂ ਰਹਿੰਦੇ ਸੁਰੱਖਿਅਤ ਵਾਪਸੀ ਦੇ ਢੁੱਕਵੇਂ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਅਤੇ ਯੂਐਨਓ ਦੀ ਸਥਾਈ ਸੁਰਖਿਆ ਪ੍ਰੀਸ਼ਦ ਦੀ ਮੀਟਿੰਗ ਵਿਚ ਇਸ ਜੰਗ ਬਾਰੇ ਹੋਈ ਵੋਟਿੰਗ ਦੌਰਾਨ ਭਾਰਤ ਦੇ ਗੈਰਹਾਜਰ ਰਹਿਣ ਨੂੰ ਮੋਦੀ ਸਰਕਾਰ ਦੀ ਕੂਟਨੀਤੀਕ ਨਾਕਾਮੀ ਕਰਾਰ ਦਿੰਦਿਆਂ, ਕੇਂਦਰ ਸਰਕਾਰ ਦੀ ਸਖਤ ਆਲੋਚਨਾ ਵੀ ਕੀਤੀ । ਪ੍ਰਦਰਸ਼ਨਾ ਨੂੰ ਪਾਰਟੀ ਆਗੂਆਂ ਕਾਮਰੇਡ ਰਾਜਵਿੰਦਰ ਰਾਣਾ,ਭਗਵੰਤ ਸਿੰਘ ਸਮਾਓ,ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਗੋਬਿੰਦ ਛਾਜਲੀ, ਪਰਮਜੀਤ ਕੌਰ ਮੁਦਕੀ, ਸਤਨਾਮ ਸਿੰਘ ਪੱਖੀ, ਸ਼ਿੰਗਾਰਾ ਸਿੰਘ ਚੁਹਾਨਕੇ,ਹਰਮਨਦੀਪ ਹਿੰਮਤਪੁਰਾ, ਬਲਕਰਨ ਮੋਗਾ, ਬਿੰਦਰ ਅਲਖ ,ਵਿਜੈ ਕੁਮਾਰ ਭੀਖੀ, ਧਰਮਪਾਲ ਨੀਟਾ, ਅਤੇ ਪ੍ਰਦੀਪ ਗੁਰੂ ਆਦਿ ਨੇ ਸੰਬੋਧਨ ਕੀਤਾ।