← ਪਿਛੇ ਪਰਤੋ
ਗੁਰਦਾਸਪੁਰ, 08 ਜੂਨ 2020: ਪਾਕਿਸਤਾਨੀ ਪੰਜਾਬ ਪੁਲਿਸ ਵੱਲੋਂ ਜੂਆ ਖੇਡਣ ਦੇ ਜੁਰਮ ਹੇਠ ਇੱਕ ਗਧੇ ਨੂੰ ਗ੍ਰਿਫ਼ਤਾਰ ਕਰਦਿਆਂ ਇੱਕ ਲੱਖ 20 ਹਜ਼ਾਰ ਰੁਪਏ ਦੀ ਪਾਕਿਸਤਾਨੀ ਨਕਦ ਕਰੰਸੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂ ਕਿ ਪਾਕਿਸਤਾਨੀ ਪੁਲਿਸ ਦੇ ਇਸ ਦਾਅਵੇ ਮੁਤਾਬਿਕ ਇਸ ਮਾਮਲੇ ਵਿਚ ਗਧੇ ਤੋਂ ਇਲਾਵਾ 8 ਹੋਰ ਲੋਕਾਂ ਦਾ ਨਾਮ ਵੀ ਸ਼ਾਮਿਲ ਹੈ। ਫ਼ਿਲਹਾਲ ਲਹਿੰਦੇ ਪੰਜਾਬ ਦੀ ਪੁਲਿਸ ਵੱਲੋਂ ਮੁਜਰਮ ਗਧੇ ਨੂੰ ਚਾਰਾ ਦੇਣ ਦੇ ਨਾਲ ਨਾਲ ਉਸ ਦੀ ਲੋੜੀਂਦੀ ਦੇਖ ਭਾਲ ਕੀਤੀ ਜਾ ਰਹੀ ਹੈ। ਪਾਕਿਸਤਾਨੀ ਪੱਤਰਕਾਰ ਨਈਲਾ ਇਨਾਇਤ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਪਾਕਿਸਤਾਨ ਦੀ ਪੰਜਾਬ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਪੰਜਾਬ ਦੇ ਰਹੀਮ ਖ਼ਾਨ ਯਾਰ ਇਲਾਕੇ ਵਿਚੋਂ ਛਾਪੇਮਾਰੀ ਦੌਰਾਨ ਜੂਆ ਖੇਡਣ ਦੇ ਦੋਸ਼ਾਂ ਤਹਿਤ ਕੁੱਲ 9 ਲੋਕਾਂ ਦੇ ਖ਼ਿਲਾਫ਼ ਸਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਦਿਆਂ 01 ਲੱਖ 20 ਹਜ਼ਾਰ ਦੀ ਨਕਦ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਲਹੀਂਦੇ ਪੰਜਾਬ ਦੀ ਪੁਲਿਸ ਵੱਲੋਂ ਜੂਆ ਖੇਡਣ ਦੇ ਦੋਸ਼ੀਆਂ ਵਿੱਚ ਇੱਕ ਗਧੇ ਨੂੰ ਵੀ ਮੁਲਜ਼ਮ ਬਣਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂ ਕਿ ਇਸ ਗਧੇ ਨੂੰ ਥਾਣੇ ਵਿਖੇ ਬੰਨ੍ਹ ਕੇ 3 ਤੋਂ 4 ਲੋਕਾਂ ਵੱਲੋਂ ਇਸ ਦੀ ਖ਼ਾਤਰਦਾਰੀ ਵੀ ਕੀਤੀ ਜਾ ਰਹੀ ਹੈ। ਪਰ ਜੇਕਰ ਗੱਲ ਅਸਲੀਅਤ ਦੀ ਕੀਤੀ ਜਾਵੇ ਤਾਂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਨਾ ਸਿਰਫ਼ ਵਿਸ਼ਵ ਪੱਧਰ ਤੇ ਗਧਿਆਂ ਦਾ ਵੱਡਾ ਐਕਸਪੋਰਟਰ ਹੈ। ਬਲ ਕੀ ਇਸ ਮੁਲਕ ਵਿਖੇ ਅੱਜ ਵੀ ਗਧਿਆਂ ਦਾ ਇਸਤੇਮਾਲ ਭਾਰਤ ਦੇ ਮੁਕਾਬਲੇ ਕਿਤੇ ਵੱਧ ਕੀਤਾ ਜਾਂਦਾ ਹੈ। ਪਾਕਿਸਤਾਨ ਵਿਖੇ ਅੱਜ ਵੀ ਗਧਿਆਂ ਦੀਆਂ ਦੌੜਾਂ ਸਮੇਤ ਹੋਰ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਪਰ ਗਧਾ ਦੌੜ ਨੂੰ ਪਾਕਿਸਤਾਨੀ ਸਰਕਾਰ ਵੱਲੋਂ ਜੂਏ ਦੀ ਪੰਗਤ ਵਿੱਚ ਰੱਖਿਆ ਗਿਆ ਹੈ। ਕਿਉਂ ਕਿ ਇਸ ਦੌੜ ਤੇ ਜੂਏ ਵਾਂਗ ਪੈਸਿਆਂ ਦੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਹਨ। ਜਾਣਕਾਰੀ ਮੁਤਾਬਿਕ ਕਾਬੂ ਕੀਤਾ ਗਿਆ ਗਧਾ ਵੈਲ ਟਰੇਂਡ ਹੋਣ ਕਾਰਨ ਹਮੇਸ਼ਾ ਦੌੜ ਵਿੱਚ ਅੱਵਲ ਆਉਂਦਾ ਸੀ ਅਤੇ ਇਸੇ ਸਾੜੇ ਕਾਰਨ ਕਿਸੇ ਸਥਾਨਕ ਵਿਅਕਤੀ ਵੱਲੋਂ ਪੁਲਿਸ ਨੂੰ ਇਸ ਗਦਾ ਦੌੜ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਗਈ।
Total Responses : 295