DC ਨਵਾਂਸ਼ਹਿਰ ਨੇ ਕਿਸ਼ਨਪੁਰਾ (ਕਾਠਗੜ੍ਹ), ਭੱਲਾ, ਟੌਂਸਾ ਅਤੇ ਰੈਲ ਪਿੰਡਾਂ ਦਾ ਕੀਤਾ ਦੌਰਾ
- ਪਿੰਡ ਵਾਸੀਆਂ ਨੂੰ ਨਾਲਿਆ ਅਤੇ ਖਾਲਿਆਂ ਦੀ ਸਫਾਈ ਕਰਨ ਸਬੰਧੀ ਕੀਤੀ ਅਪੀਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਜੁਲਾਈ 2023 - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਲਾਚੌਰ ਦੇ ਵੱਖ-ਵੱਖ ਪਿੰਡਾਂ ਕਿਸ਼ਨਪੁਰਾ (ਕਾਠਗੜ੍ਹ), ਭੱਲਾ, ਟੌਂਸਾ ਅਤੇ ਰੈਲ ਦਾ ਦੌਰਾ ਕੀਤਾ। ਇਸ ਦੌਰਾਨ ਵੱਖ-ਵੱਖ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਪਿੰਡਾਂ ਵਿੱਚ ਮੀਂਹ ਕਾਰਨ ਹੋਏ ਪਾਣੀ ਅਤੇ ਇਸ ਦੀ ਨਿਕਾਸੀ ਦੇ ਪੱਕੇ ਤੌਰ ਦੇ ਲਈ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਪਾਣੀ ਦੇ ਨਿਕਾਸੀ ਦੇ ਪੱਕੇ ਤੌਰ ‘ਤੇ ਰਸਤੇ ਨੂੰ ਹੋਰ ਮਜ਼ਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਸਬੰਧੀ ਜ਼ਿਆਦਾਤਰ ਸਮੱਸਿਆ ਨਾਲੇ ਅਤੇ ਖਾਲਿਆਂ ਵਿੱਚੋਂ ਜਾਣ ਵਾਲੇ ਪਾਣੀ ਵਿੱਚ ਰੋਕ ਲਗਾਉਣਾ ਹੈ। ਉਨ੍ਹ ਨੇ ਦੱਸਿਆ ਕਿ ਜ਼ਿਆਦਾਤਰ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਆਪਣੇ ਖੇਤ ਉੱਚੇ ਕਰ ਲਏ ਜਾਂਦੇ ਹਨ। ਇਸ ਕਾਰਨ ਪਾਣੀ ਨਿਕਲਣਾ ਹੁੰਦਾ ਹੈ ਉਹ ਜਗ੍ਹਾ ਉੱਚੀ ਹੋ ਜਾਂਦੀ ਹੈ ਅਤੇ ਨਾਲੇ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਅਸਰ ਮੀਂਹ ਦੇ ਦੌਰਾਨ ਦੇਖਣ ਨੂੰ ਮਿਲਦਾ ਹੈ। ਜਦੋਂ ਜ਼ਿਆਦਾ ਮੀਂਹ ਪੈਂਦਾ ਹੈ, ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੇਤਾਂ ਵਿਚ ਹੀ ਭਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਫ਼ਸਲਾਂ ਦਾ ਵੀ ਨੁਕਸਾਨ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਪਿੰਡ ਪੰਚਾਇਤਾਂ ਨੂੰ ਖੁਦ ਹੀ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਾਣੀ ਦੇ ਨਿਕਾਸੀ ਦੇ ਨਾਲੇ ਅਤੇ ਖਾਲੇ ਪੂਰੀ ਤਰ੍ਹਾਂ ਨਾਲ ਸਾਫ ਹੋਣ। ਜੇਕਰ ਨਾਲੇ ਪੂਰੀ ਤਰ੍ਹਾਂ ਸਾਫ਼ ਹੋਣਗੇ ਦਾ ਪਾਣੀ ਖੁਦ ਹੀ ਆਪਣੇ ਆਪ ਬਾਹਰ ਨਿਕਲ ਜਾਵੇਗਾ। ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹਾਲੇ ਵੀ ਸਮੇਂ-ਸਮੇਂ ‘ਤੇ ਪਿੰਡਾਂ ਵਿੱਚੋਂ ਨਿਕਲਣ ਵਾਲੇ ਨਾਲਿਆਂ ਦੀ ਸਫਾਈ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਹਾਲੇ ਮਾਨਸੂਨ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ ਹੈ ਅਤੇ ਕਦੇ ਵੀ ਮੌਸਮ ਬਦਲਦੇ ਹੀ ਬਰਸਾਤ ਆ ਸਕਦੀ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਅੱਗੇਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।