ਅਚਾਨਕ ਆਕਸੀਜਨ ਪਲਾਂਟਾਂ, ਹਸਪਤਾਲ ਤੇ ਕੰਟਰੋਲ ਰੂਮ ਪਹੁੰਚੇ ਡੀ.ਸੀ ਅੰਮ੍ਰਿਤਸਰ
ਕੁਲਵਿੰਦਰ ਸਿੰਘ
ਅੰਮਿ੍ਤਸਰ, 26 ਅਪ੍ਰੈਲ 2021 - ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਬੀਤੀ ਰਾਤ ਕੋਰੋਨਾ ਮਰੀਜ਼ਾਂ ਦੇ ਇਲਾਜ, ਆਕਸੀਜਨ ਭੰਡਾਰ ਦੀ ਸਪਲਾਈ ਚੇਨ ਤੇ ਵੰਡ, ਕੋਵਿਡ ਕੰਟਰੋਲ ਰੂਮ ਤੋਂ ਦਿੱਤੀ ਜਾ ਰਹੀ ਸਹਾਇਤਾ ਆਦਿ ਦਾ ਨਿਰੀਖਣ ਕਰਨ ਲਈ ਦੇਰ ਰਾਤ ਉਕਤ ਸਥਾਨਾਂ ਦੀ ਜਾਂਚ ਕੀਤੀ ਗਈ।
ਖਹਿਰਾ ਨੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰ ਰਹੀ ਅੰਮਿ੍ਤਸਰ ਦੀ ਮੁੱਖ ਗੈਸ ਨਿਰਮਾਤਾ ਭੁੱਲਰ ਗੈਸ ਦਾ ਵੀ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਉਥੋਂ ਹੋ ਰਹੀ ਸਪਲਾਈ ਅਤੇ ਉਤਪਾਦਨ ਨੂੰ ਵਾਚਿਆ। ਖਹਿਰਾ ਨੇ ਦੱਸਿਆ ਕਿ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਅਸੀਂ ਰੋਜ਼ਾਨਾ ਦੀਆਂ ਲੋੜ ਹੀ ਕੇਵਲ ਪੂਰੀ ਕਰ ਰਹੇ ਹਾਂ, ਸੁਰੱਖਿਅਤ ਭੰਡਾਰ ਨਾਂਹ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿੱਚ ਆਕਸੀਜਨ ਭੰਡਾਰ ਲਈ ਵੱਡਾ ਸਾਧਨ ਮੌਜੂਦ ਹੈ ਪਰ ਕਈ ਵਾਰ ਤਰਲ ਆਕਸੀਜਨ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਸਾਨੂੰ ਸਿਲੰਡਰ ਵੀ ਵਰਤਣੇ ਪੈ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਲੋੜਵੰਦ ਹਸਪਤਾਲ ਤੱਕ ਸਪਲਾਈ ਚੱਲਦੀ ਰਹੇ। ਉਨ੍ਹਾਂ ਦੱਸਿਆ ਕਿ ਕੋਵਿਡ ਕੰਟਰੋਲ ਰੂਮ ਤੋਂ ਅਸੀਂ ਜਿਲਾ ਵਾਸੀਆਂ ਦੀ ਪੁੱਛਗਿੱਛ, ਸਹਾਇਤਾ, ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਾਂ ਅਤੇ ਅੱਜ ਮੈਂ ਮੌਕੇ ਉੱਤੇ ਆ ਕੇ ਇੱਥੇ ਕੰਮ ਜਾ ਜਾਇਜ਼ਾ ਲਿਆ ਹੈ।
ਖਹਿਰਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਹੋਰ ਵੱਧਦੀ ਹੈ ਤਾਂ ਉਸ ਲਈ ਕੀ ਕੀ ਸਾਡੀਆਂ ਲੋੜਾਂ ਰਹਿਣਗੀਆਂ ਉਹ ਵੀ ਅੱਜ ਮੌਕੇ ਉੱਤੇ ਜਾ ਕੇ ਵੇਖੀਆਂ ਹਨ। ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲਤ ਦੇ ਮੱਦੇਨਜ਼ਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਦੇ ਹੋਏ ਘਰ ਤੋਂ ਬਾਹਰ ਨਿਕਲੇ। ਖਹਿਰਾ ਨਾਲ ਇਸ ਮੌਕੇ ਐਸ ਡੀ ਐਮ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਮਤੀ ਅਲਕਾ ਕਾਲੀਆ, ਪਿ੍ੰਸੀਪਲ ਰਾਜੀਵ ਦੇਵਗਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।