ਦੁਕਾਨਦਾਰ ਅਤੇ ਕਾਰੋਬਾਰੀ ਆਏ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਤੰਗ - ਸੱਜਣ ਸਿੰਘ ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 4 ਮਈ 2021 ਗਏ- ਮੌਜੂਦਾ ਲਾਕਡਾਊਨ ਦੇ ਦੌਰਾਨ ਦੁਕਾਨਦਾਰ ਅਤੇ ਕਾਰੋਬਾਰੀ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਲਾਕਡਾਊਨ ਦਾ ਬਹਾਨਾ ਬਣਾ ਕੇ ਜਿਵੇਂ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕੀਤਾ ਹੈ ਇਵੇਂ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੁਲਸ ਪ੍ਰਸ਼ਾਸਨ ਨੂੰ ਖੁੱਲ੍ਹ ਦੇ ਰੱਖੀ ਹੈ ਕਿ ਉਹ ਦੁਕਾਨਦਾਰਾਂ ਕੋਲੋਂ ਜਿਵੇਂ ਮਰਜ਼ੀ ਵਸੂਲੀ ਕਰਨ ਬੇਸ਼ੱਕ ਉਨ੍ਹਾਂ ਦੇ ਕਾਰੋਬਾਰ ਹੀ ਕਿਉਂ ਨਾ ਪ੍ਰਭਾਵਿਤ ਕਰਨੇ ਪੈਣ।
ਪੁਲਸ ਪ੍ਰਸ਼ਾਸਨ ਜਦੋਂ ਜੀਅ ਚਾਹੁੰਦਾ ਹੈ ਹਮਾਤੜ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਤੁਰਦਾ ਬਣਦਾ ਹੈ ...ਦੁਕਾਨਦਾਰਾਂ ਦਾ ਵੀ ਕਹਿਣਾ ਸੀ ਕਿ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਗ਼ਾਜ਼ ਸਿਰਫ ਦੁਕਨਾਦਾਰਾਂ ਤੇ ਕਾਰੋਬਾਰੀਆਂ ਉੱਤੇ ਹੀ ਡਿੱਗਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਕੇਵਲ ਇਨ੍ਹਾਂ ਨੂੰ ਹੀ ਚਾਲਾਨ ਕੱਟਣ ਦੀ ਧੌਂਸ ਦਿੰਦਾ ਹੈ ਤੇ ਚਲਾਨ ਕੱਟ ਵੀ ਦਿੰਦਾ ਹੈ।
ਪੰਜਾਬ ਵਿੱਚ ਕੋਰੋਨਾ ਦੇ ਵਧਦੇ ਅੰਕੜਿਆਂ ਤੋਂ ਫਿਕਰਮੰਦ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਹਦਾਇਤਾਂ ਮੁਤਾਬਕ 15 ਮਈ ਤਕ ਪੰਜਾਬ ਵਿੱਚ ਸਖਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਹਦਾਇਤਾਂ ਮੁਤਾਬਕ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਸਵਾਰ ਹੋ ਸਕਦੀਆਂ ਹਨ ਪਰ ਜਦੋਂ ਨਵਾਂ ਸਵੇਰਾ ਬਿਊਰੋ ਦੀ ਟੀਮ ਨੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀ ਰਿਐਲਿਟੀ ਚੈੱਕ ਕੀਤੀ ਤਾਂ ਸਮਾਜਿਕ ਦੂਰੀ ਅਤੇ ਹੋਰ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਤੇ ਮਾਸਕ ਲਾਉਣ ਵਰਗੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਸੀ।
ਇਕ ਬੱਸ ਕੰਡਕਟਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਕੀ ਕਰੀਏ ਖਰਚੇ ਵੀ ਤਾਂ ਪੂਰੇ ਕਰਨੇ ਹਨ। ਜਦ ਉਸ ਨੂੰ ਪੁੱਛਿਆ ਗਿਆ ਕਿ ਹਦਾਇਤ ਦੀ ਉਲੰਘਣਾ ਹੈ, ਇਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ ਤਾਂ ਉਹ ਜਵਾਬ ਦਿੱਤੇ ਬਗੈਰ ਬਸ ਭਜਾ ਕੇ ਲੈ ਗਿਆ
ਕੈਪਟਨ ਸਰਕਾਰ ਦੀਆਂ ਨੀਤੀਆਂ ਨੇ ਭੁੱਖਮਰੀ ਦਾ ਸ਼ਿਕਾਰ ਬਣਾ ਦੇਣਾ ਹੈ ਪੰਜਾਬ: ਸੱਜਣ ਸਿੰਘ ਚੀਮਾ
ਇਸ ਸਮੁੱਚੇ ਮਾਮਲੇ ਸਬੰਧੀ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਸੱਜਣ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਨੇ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦੇਣਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਦੌਰਾਨ ਸਰਕਾਰਾਂ ਦੇ ਚਹੇਤੇ ਚੌਧਰੀਆਂ ਦੇ ਕੰਮਕਾਰ ਤਾਂ ਉਵੇਂ ਹੀ ਚੱਲ ਰਹੇ ਹਨ ਪਰ ਆਮ ਅਤੇ ਭਲੇ ਲੋਕਾਂ ਦੇ ਕੰਮਕਾਰ ਧੱਕੇ ਨਾਲ ਬੰਦ ਕਰਵਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਕੰਮਕਾਰ ਬੰਦ ਕਰਵਾਉਣ ਦੇ ਲਈ ਸਰਕਾਰ ਨੂੰ ਇਕ ਤੈਅਸ਼ੁਦਾ ਪਲੈਨਿੰਗ ਕਰਨੀ ਚਾਹੀਦੀ ਸੀ ਹਫ਼ਤੇ ਦੇ ਵਿੱਚ ਵਾਰੀ ਵਾਰੀ ਦੁਕਾਨਾਂ ਖੁਲ੍ਹਵਾਈਆਂ ਜਾ ਸਕਦੀਆਂ ਸਨ ਜਿਸ ਨਾਲ ਕਾਰੋਬਾਰ ਵੀ ਪ੍ਰਭਾਵਿਤ ਨਹੀਂ ਹੁੰਦਾ ਅਤੇ ਲੋਕ ਵੀ ਪ੍ਰੇਸ਼ਾਨ ਨਾ ਹੁੰਦੇ। ਉਨ੍ਹਾਂ ਕਿਹਾ ਕਿ ਘਰੇਲੂ ਗੱਡੀਆਂ ਅਤੇ ਵਪਾਰਕ ਗੱਡੀਆਂ ਵਿੱਚ ਵੀ ਸਵਾਰੀਆਂ ਦੇ ਨਿਯਮ ਠੀਕ ਢੰਗ ਨਾਲ ਬਣਾਏ ਜਾ ਸਕਦੇ ਸੀ ਤਾਂ ਕਿ ਪਰਿਵਾਰ ਵਾਲੇ ਲੋਕ ਪ੍ਰਭਾਵਤ ਨਾ ਹੁੰਦੇ ਅਤੇ ਵਪਾਰਕ ਖੇਤਰ ਵੀ ਪ੍ਰਭਾਵਤ ਨਾ ਹੁੰਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪ ਤਾਂ ਕਦੇ ਮਹਿਲਾਂ ਚੋਂ ਬਾਹਰ ਨਿਕਲੇ ਨਹੀਂ ਉਨ੍ਹਾਂ ਦੇ ਪੀਏ...ਸ਼ੀਏ ..ਜੋ ਕਾਨੂੰਨ ਘੜ ਕੇ ਭੇਜ ਦਿੰਦੇ ਹਨ ਉਹੀ ਪ੍ਰਵਾਨ ਚੜ੍ਹ ਜਾਂਦੇ ਹਨ।