ਨਿਰਵੈਰ ਸਿੰਘ ਸਿੰਧੀ
- ਕਰਿਆਨਾ, ਸਬਜੀ ਅਤੇ ਮੈਡੀਕਲ ਦੀਆਂ ਦੁਕਾਨਾਂ ਨੂੰ ਰਹੇਗੀ ਛੋਟ
ਮਮਦੋਟ, 22 ਅਪ੍ਰੈਲ 2021 :- ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਬੀਤੇ ਦਿਨੀ ਪੰਜਾਬ ਵਿੱਚ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਜਿਸਨੂੰ ਲੈਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੋਵਿਡ 19 ਦੀ ਵਧ ਰਹੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਅੰਦਰ ਐਤਵਾਰ ਦਾ ਪੂਰਨ ਲਾਕਡਾਉਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸਦੇ ਤਹਿਤ ਥਾਣਾ ਮੁਖੀ ਮਮਦੋਟ ਇੰਸਪੈਕਟਰ ਰਵੀ ਕੁਮਾਰ ਨੇ ਪ੍ਰੈੱਸ ਮਿਲਣੀ ਦੌਰਾਨ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਸਬਾ ਮਮਦੋਟ ਵਿਖੇ ਕੋਵਿਡ 19 ਨੂੰ ਮੁੱਖ ਰੱਖਦਿਆਂ ਜਾਰੀ ਕੀਤੀਆਂ ਹਦਾਇਤਾ ਮੁਤਾਬਿਕ ਐਤਵਾਰ ਨੂੰ ਪੂਰਨ ਲਾਕਡਾਉਨ ਰਹੇਗਾ।
ਆਉਣ ਵਾਲੇ ਸ਼ਨੀਵਾਰ ਨੂੰ ਰਾਤ ਦੇ ਅੱਠ ਵਜੇ ਤੋਂ ਲੈ ਕੇ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਪੂਰਨ ਲਾਕਡਾਉਨ ਰਹੇਗਾ, ਕਰਿਆਨਾ, ਸਬਜੀ ਅਤੇ ਮੈਡੀਕਲ ਸਟੋਰਾਂ ਆਦਿ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੋਜਾਨਾ ਰਾਤ ਅੱਠ ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਮੁਕੰਮਲ ਕਰਫਿਉ ਰਹੇਗਾ। ਰੋਜਾਨਾ ਰਾਤ ਦੇ ਅੱਠ ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਵੀ ਬੰਦ ਰਹਿਣਗੇ , ਜਿੰਮ, ਕੋਚਿੰਗ ਸੈਂਟਰ, ਸਿਨੇਮਾ ਘਰ ਸਰਕਾਰ ਦੀਆਂ ਹਦਾਇਤਾ ਮੁਤਾਬਿਕ 30 ਅਪ੍ਰੈਲ ਤੱਕ ਬੰਦ ਰਹਿਣਗੇ । ਇਸ ਮੋਕੇ ਨਵਨਿਯੁਕਤ ਐੱਸ ਐੱਚ ਓ ਰਵੀ ਕੁਮਾਰ ਨੇ ਕਿਹਾ ਕਿ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੋਵਿਡ 19 ਸਬੰਧੀ ਜਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੇ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।