ਮੁਕਤਸਰ: ਮਿੰਨੀ ਬੱਸਾਂ ਰਹੀਆਂ ਬੰਦ, ਕੁਝ ਕੁ ਵੱਡੀਆਂ ਬੱਸਾਂ ਚੱਲੀਆ, ਸਵਾਰੀਆਂ ਨਾ-ਮਾਤਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ ,1 ਮਈ 2021 - ਅੱਜ ਸ਼ਨੀਵਾਰ ਵਾਲੇ ਦਿਨ ਲਾਕਡਾਊਨ ਦੌਰਾਨ ਸ਼ਹਿਰਾਂ ਦੇ ਬਜ਼ਾਰ ਭਾਵੇਂ ਬੰਦ ਰਹੇ ਤੇ ਹੋਰ ਕਾਰੋਬਾਰ ਵੀ ਲੋਕਾਂ ਦੇ ਠੱਪ ਰਹੇ । ਪਰ ਕੁਝ ਕੁ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵੱਡੇ ਰੂਟਾਂ ਤੇ ਚੱਲਦੀਆਂ ਰਹੀਆਂ । ਜਦੋਂ ਕਿ ਮਿੰਨੀ ਬੱਸਾਂ ਸੜਕਾਂ ਤੇ ਕਿਧਰੇ ਵੀ ਦਿਖਾਈ ਨਹੀਂ ਦਿੱਤੀਆਂ । ਪੇਂਡੂ ਖੇਤਰਾਂ ਵਿੱਚ ਬੱਸ ਅੱਡੇ ਸੁੰਨੇ ਪਏ ਰਹੇ ਤੇ ਕੋਈ ਸਵਾਰੀ ਨਜ਼ਰ ਨਹੀਂ ਆਈ । ਸ੍ਰੀ ਮੁਕਤਸਰ ਸਾਹਿਬ ਵਿਖੇ ਮਿੰਨੀ ਬੱਸ ਸਟੈਂਡ ਪੂਰੀ ਤਰ੍ਹਾਂ ਖ਼ਾਲੀ ਪਿਆ ਰਿਹਾ । ਜਦ ਕਿ ਵੱਡੇ ਬੱਸ ਸਟੈਂਡ ਵਿੱਚ ਕਈ ਬੱਸਾਂ ਆਪਣੇ ਰੂਟਾਂ ਤੇ ਜਾਣ ਲਈ ਤਿਆਰ ਖੜੀਆਂ ਸਨ । ਪਰ ਅੱਡੇ ਵਿੱਚ ਸਵਾਰੀਆਂ ਬਹੁਤ ਘੱਟ ਸਨ ।
ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਇਕ ਪਾਸੇ ਲਾਕਡਾਊਨ ਲਗਾਇਆ ਗਿਆ ਹੈ ਤੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਘਰਾਂ ਵਿਚੋਂ ਬਾਹਰ ਨਾ ਨਿਕਲਣ । ਪਰ ਦੂਜੇ ਪਾਸੇ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ । ਸਰਕਾਰ ਦੇ ਫੈਸਲਿਆਂ ਦੀ ਕੋਈ ਸਮਝ ਨਹੀਂ ਆ ਰਹੀ । ਮੰਡੀ ਲੱਖੇਵਾਲੀ ਤੇ ਇਸ ਦੇ ਆਸ ਪਾਸ ਦੇ ਖ਼ੇਤਰ ਵਿੱਚ ਵੀ ਦੁਕਾਨਾਂ ਬੰਦ ਰਹੀਆਂ, ਜਦੋਂ ਕਿ ਕਿਸਾਨਾਂ ਨੇ ਖੇਤੀ ਧੰਦੇ ਨਾਲ ਜੁੜੇ ਹੋਏ ਆਪਣੇ ਕਾਰੋਬਾਰ ਜਾਰੀ ਰੱਖੇ ।