ਲੁਧਿਆਣਾ: ਫਿਰ ਤੋਂ ਕੋਵਿਡ 19 ਦੀਆਂ ਉਡਾਈਆਂ ਗਈਆਂ ਧੱਜੀਆਂ, ਲਾਕਡਾਊਨ ਵਿਚ ਲਗਾਇਆ ਗਿਆ ਟੀਕਾਕਰਨ ਕੈਂਪ
ਸੰਜੀਵ ਸੂਦ
- ਇੱਕ ਛੱਤ ਥੱਲੇ ਇਕੱਠੇ ਕੀਤੇ ਗਏ ਢਾਈ ਸੌ ਦੇ ਕਰੀਬ ਵਿਅਕਤੀ
- ਤਸਵੀਰਾਂ ਦਿਖਾਉਣ ਤੇ ਪੱਤਰਕਾਰਾਂ ਨਾ ਉਲਝੇ ਪ੍ਰਬੰਧਕ
- ਲੁਧਿਆਣਾ ਵਿੱਚ ਭਾਜਪਾ ਦੇ ਕੈਂਪ 'ਚ ਸੋਸ਼ਲ ਡਿਸਪੈਂਸਿੰਗ ਦੀਆਂ ਉੱਡੀਆਂ ਧੱਜੀਆਂ
- ਖ਼ਬਰ ਕਰਨ ਤੇ ਭਾਜਪਾ ਵਰਕਰਾਂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਸਭ ਸੂਬਾ ਸਰਕਾਰ ਦੀ ਗਲਤੀ
ਲੁਧਿਆਣਾ, 1 ਮਈ 2021 - ਇਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ ਅਤੇ ਲਗਾਤਾਰ ਮੌਤਾਂ ਦੇ ਅੰਕੜੇ ਵਧ ਰਹੇ ਨੇ ਉੱਥੇ ਹੀ ਟੀਕਾਕਰਨ ਤੇ ਸਿਆਸਤ ਵੀ ਜਾਰੀ ਹੈ। ਅੱਜ ਲੁਧਿਆਣਾ ਦੇ ਰਾਜਗੁਰੂਨਗਰ ਵਿੱਚ ਭਾਜਪਾ ਵੱਲੋਂ ਆਪਣੇ ਤੌਰ ਤੇ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿਚ ਸੋਸ਼ਲ ਡਿਸਟੈਂਸ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਇਸ ਦੌਰਾਨ 100 ਤੋਂ ਵੱਧ ਲੋਕਾਂ ਦਾ ਇਕੱਠ ਕੀਤਾ ਗਿਆ ਅਤੇ ਖ਼ਬਰ ਕਰਨ ਪਹੁੰਚੀ ਸਾਡੀ ਟੀਮ ਨਾਲ ਭਾਜਪਾ ਦੇ ਵਰਕਰਾਂ ਵੱਲੋਂ ਬਦਸਲੂਕੀ ਕੀਤੀ ਗਈ। ਇਸ ਦੌਰਾਨ ਜਦੋਂ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪ੍ਰਬੰਧਾਂ ਦੀ ਕਮੀ ਪੂਰਾ ਕਰਨ ਅਤੇ ਸੂਬਾ ਸਰਕਾਰ ਤੇ ਨਿਸ਼ਾਨੇ ਵਿੰਨ੍ਹੇ।
ਸਾਡੀ ਟੀਮ ਵੱਲੋਂ ਜਦੋਂ ਰਾਜਗੁਰੂਨਗਰ ਵਿੱਚ ਲਾਏ ਗਏ ਟੀਕਾਕਰਨ ਕੈਂਪ ਦਾ ਦੌਰਾ ਕੀਤਾ ਗਿਆ ਤਾਂ ਉਥੇ 100 ਤੋਂ ਵੱਧ ਲੋਕ ਇਕੱਤਰ ਸਨ ਅਤੇ ਸੋਸ਼ਲ ਡਿਸਟੈਂਸ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਕੈਮਰਾ ਕੱਢ ਕੇ ਤਸਵੀਰਾਂ ਕੈਦ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਭਾਜਪਾ ਦੇ ਵਰਕਰ ਪੱਤਰਕਾਰਾਂ ਨਾਲ ਬਦਸਲੂਕੀ ਕਰਦੇ ਵਿਖਾਈ ਦਿੱਤੇ ਅਤੇ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧ ਜਲਦ ਦਰੁਸਤ ਕੀਤੇ ਜਾ ਰਹੇ ਨੇ।
ਉੱਧਰ ਲੁਧਿਆਣਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਹ ਸਭ ਸੂਬਾ ਸਰਕਾਰ ਦੀ ਗਲਤੀ ਕਰਕੇ ਹੋ ਰਿਹਾ ਹੈ ਕਿਉਂਕਿ ਉਹ ਭਾਜਪਾ ਨੂੰ ਕੈਂਪ ਲਗਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਅਤੇ ਜੋ ਇੱਕ ਦੋ ਕੈਂਪ ਲਗਾਏ ਜਾ ਰਹੇ ਨੇ ਉਸ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਇੱਥੇ ਸਵਾਲ ਇਹ ਵੀ ਹੈ ਕਿ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਨੇ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਰਾਜਗੁਰੂਨਗਰ ਨੂੰ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ। ਉੱਧਰ ਲੋਕਾਂ ਨੇ ਵੀ ਕਿਹਾ ਕਿ ਇਹ ਪ੍ਰਬੰਧਕਾਂ ਦੀ ਗਲਤੀ ਹੈ। ਉਨ੍ਹਾਂ ਨੂੰ ਪ੍ਰਬੰਧ ਪਹਿਲਾਂ ਪੂਰੇ ਕਰਨੇ ਚਾਹੀਦੇ ਸੀ।