ਡੀ ਸੀ ਬਠਿੰਡਾ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਇੰਟਰ ਸਟੇਟ ਨਾਕਿਆਂ ਤੇ ਸਖਤੀ ਦੇ ਹੁਕਮ
ਅਸ਼ੋਕ ਵਰਮਾ
ਬਠਿੰਡਾ,4 ਮਈ 2021: ਕਰੋਨਾ ਮਹਾਂਮਾਰੀ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਕੋਪ ਨੂੰ ਠੱਲਣ ਲਈ ਜਿਲ੍ਹੇ ਅੰਦਰ ਇੰਟਰ ਸਟੇਟ ਨਾਕੇ ਲਗਾ ਕੇ ਸਖਤੀ ਕੀਤੀ ਜਾਵੇਗੀ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸਿਰਫ਼ ਉਸ ਵਿਅਕਤੀ ਨੂੰ ਹੀ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਜਿਸ ਦੀ ਕਰੋਨਾ ਰਿਪੋਰਟ ਨੈਗੇਟਿਵ ਹੋਵੇਗੀ। ਇਹ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਰੋਨਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ ਕੀਤੀ ਜਾਣ ਵਾਲੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਦੌਰਾਨ ਉਨਾਂ ਵੱਖ-ਵੱਖ ਕੋਵਿਡ ਸੈਲਾਂ ਦੇ ਇੰਚਾਰਜਾਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਇੰਟਰ ਸਟੇਟ ਨਾਕੇ ਬਠਿੰਡਾ-ਡੱਬਵਾਲੀ ਰੋਡ ਤੇ ਪੈਂਦੇ ਪਿੰਡ ਡੂੰਮਵਾਲੀ ਅਤੇ ਤਲਵੰਡੀ ਸਾਬੋ-ਸਰਦੂਲਗੜ ਰੋਡ ਤੇ ਪੈਂਦੇ ਪਿੰਡ ਨਥੇਹਾ ਵਿਖੇ ਲਗਾਏ ਗਏ ਹਨ।
ਉਨ੍ਹਾਂ ਨਾਕਿਆ ਦੇ ਇੰਚਾਰਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕੇ ਕੋਈ ਵੀ ਬਾਹਰੀ ਵਿਅਕਤੀ ਬਠਿੰਡਾ ਜਿਲ੍ਹੇ ਦੀ ਹੱਦ ਅੰਦਰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਜਿਸ ਨੂੰ 2 ਹਫਤੇ ਪਹਿਲਾਂ ਘੱਟੋ ਘੱਟ ਇਕ ਡੋਜ਼ ਲੱਗੀ ਹੋਵੇ) ਦਿਖਾ ਕੇ ਹੀ ਦਾਖਲ ਹੋ ਸਕੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨਾਂ ਇੰਟਰ-ਸਟੇਟ ਨਾਕਿਆ ਤੇ ਐਂਬੂਲੈਂਸ, ਕਮਰਸ਼ੀਅਲ ਅਤੇ ਜ਼ਰੂਰੀ ਵਸਤਾਂ ਵਾਲੇ ਵਾਹਨਾਂ ਨੂੰ ਨਾ ਰੋਕਿਆ ਜਾਵੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਪ੍ਰਾਈਵੇਟ ਹਸਪਤਾਲ ਆਕਸੀਜਨ ਗੈਸ ਦੀ ਸਿਰਫ ਕਰੋਨਾ ਦੇ ਮਰੀਜ਼ਾ ਲਈ ਪਹਿਲ ਦੇ ਆਧਾਰ ਤੇ ਵਰਤੋਂ ਕਰਨ। ਕੋਈ ਵੀ ਹਸਪਤਾਲ ਲੋੜ ਨਾਲੋਂ ਵਧੇਰੇ ਆਕਸੀਜਨ ਸਿਲੰਡਰ ਸਟੋਰ ਨਾ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਉਹ ਇਹ ਲਾਜ਼ਮੀ ਬਣਾਉਣ ਕਿ ਜਿਲ੍ਹੇ ਅੰਦਰ ਕੋਈ ਵੀ ਉਦਯੋਗ ਆਕਸੀਜਨ ਸਿਲੰਡਰਾਂ ਦੀ ਵਰਤੋਂ ਨਾ ਕਰੇ ਅਤੇ ਘਰੇਲੂ ਪੱਧਰ ਤੇ ਵੀ ਆਕਸੀਜਨ ਸਿਲੰਡਰਾਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਵਿਡ ਸੈਲ ਹਦਾਇਤ ਕੀਤੀ ਕਿ ਉਹ ਤੁਰੰਤ ਸ਼ਡੀਉਲ ਬਣਾ ਕੇ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੈਪਿਗ ਅਤੇ ਵੈਕਸ਼ੀਨੇਸ਼ਨ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਹਰ ਅਧਿਕਾਰੀ ਤੇ ਕਰਮਚਾਰੀ ਲਈ ਕਰੋਨਾ ਸੈਂਪਲਿੰਗ ਤੇ ਵੈਕਸੀਨੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸੇਵਾ ਤੇ ਸੁਵਿਧਾ ਸੈਂਟਰ ਅਤੇ ਤਹਿਸੀਲ ਕੰਪਲੈਕਸ ਵਿਚ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਹਰ ਵਿਅਕਤੀਆਂ ਦੀ ਸੈਂਪਲਿੰਗ ਕਰਨੀ ਹਰ ਹਾਲਤ ਵਿਚ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ।
ਇਸ ਮੌਕੇ ਏਡੀਸੀ ਬਠਿੰਡਾ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਗੁਰਬੀਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ ਜਨਰਲ ਕੰਵਲਜੀਤ ਸਿੰਘ, ਜਨਰਲ ਮੈਨੇਜ਼ਰ ਜਿਲ੍ਹਾ ਉਦਯੋਗ ਪ੍ਰੀਤਮਹਿੰਦਰ ਸਿੰਘ ਬਰਾੜ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਅਰਸ਼ੀ, ਬੀ.ਡੀ.ਪੀ.ਓ ਅਭਿਨਵ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਹਾਜ਼ਰ ਸਨ।