ਮੋਹਾਲੀ: ਵੀਕੈਂਡ ਲਾਕਡਾਉਨ ਦੀ ਪਾਲਣਾ ਕਰੋ ਤਾਂ ਜੋ ਸੰਪੂਰਨ ਲਾਕਡਾਉਨ ਨਾ ਲਗਾਉਣਾ ਪਵੇ - ਡੀ ਸੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 30 ਅਪ੍ਰੈਲ 2021 - ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਵੀਕੈਂਡ ਲਾਕਡਾਊਨ ਲਗਾ ਦਿੱਤਾ ਗਿਆ ਸੀ ਪਰ ਬਹੁਤ ਸਾਰੀਆਂ ਅਪੀਲਾਂ ਦੇ ਬਾਵਜੂਦ ਲੋੜੀਂਦਾ ਨਤੀਜਾ ਨਹੀਂ ਮਿਲ ਸਕਿਆ। ਪੁਲਿਸ ਅਤੇ ਸਿਵਲ ਅਫਸਰ ਨੂੰ ਮਜ਼ਬੂਰਨ ਲਾਕਡਾਊਨ ਦੇ ਬਾਵਜੂਦ ਬਾਹਰ ਆ ਕੇ ਅਜਾਈਂ ਘੁੰਮਣ ਵਾਲਿਆਂ ਨੂੰ ਰੋਕਣ ਅਤੇ ਉਹਨਾਂ ਦੇ ਚਲਾਨ ਕਰਨਾ ਪੈਂਦਾ ਹੈ।
ਲੋਕਾਂ ਨੂੰ ਚੇਤਾਵਨੀ ਦਿੰਦਿਆਂ “ਵੀਕੈਂਡ ਲਾਕਡਾਊਨ ਦੀ ਪਾਲਣਾ ਕਰੋ ਤਾਂ ਜੋ ਸੰਪੂਰਨ ਲਾਕਡਾਊਨ ਨਾ ਲਗਾਉਣਾ ਪਵੇ”, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਹੁਣ ਵੀ ਲਾਕਡਾਊਨ ਦੀ ਉਲੰਘਣਾ ਕੀਤੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਸੀਂ ਸਿਰਫ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨਹੀਂ ਕਰਾਂਗੇ ਬਲਕਿ ਸੰਪੂਰਨ ਲਾਕਡਾਊਨ ਲਗਾਉਣ ਲਈ ਮਜਬੂਰ ਹੋਵਾਂਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਪਹਿਲਾਂ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਹਫਤੇ ‘ਚ 10 ਫ਼ੀਸਦੀ ਜਾਂ ਇਸ ਤੋਂ ਵਧੇਰੇ ਪਾਜੇਟਿਵ ਕੇਸ ਆਉਂਦੇ ਹਨ ਜਾਂ ਜਿਥੇ 60 ਫ਼ੀਸਦੀ ਤੋਂ ਵੱਧ ਬੈੱਡ ਵਰਤੋਂ ਅਧੀਨ ਹਨ ਉਥੇ ਲਾਕਡਾਊਨ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਸ.ਏ.ਐੱਸ. ਨਗਰ ਜ਼ਿਲ੍ਹੇ ਦੇ ਮਾਮਲੇ ਵਿੱਚ ਦੋਵੇਂ ਸੰਕੇਤਕ (ਪਾਜੇਟਿਵ ਦਰ ਅਤੇ ਵਰਤੋਂ ਅਧੀਨ ਬੈੱਡ) ਸੁਝਾਏ ਗਈ ਸੀਮਾ ਤੋਂ ਉਪਰ ਹਨ। ਜੇਕਰ ਹੁਣ ਵੀ ਲੋਕਾਂ ਨੇ ਆਪਣੀਆਂ ਗਤੀਵਿਧੀਆਂ ‘ਤੇ ਕੰਟਰੋਲ ਨਾ ਕੀਤਾ ਤਾਂ ਸਾਨੂੰ ਸੰਪੂਰਨ ਲਾਕਡਾਊਨ ਲਗਾਉਣਾ ਪਵੇਗਾ।
ਦਿਆਲਨ ਨੇ ਕਿਹਾ ਕਿ ਲਾਕਡਾਊਨ ਲਗਾਉਣ ਨਾਲ ਨੌਕਰੀਆਂ ਅਤੇ ਆਮਦਨ ਵਿੱਚ ਕਮੀ ਆਉਂਦੀ ਹੈ, ਮਜ਼ਦੂਰਾਂ ਦਾ ਪਰਵਾਸ ਵਧਦਾ ਹੈ ਅਤੇ ਵਿਕਾਸ ਦਰ ਵਿੱਚ ਕਮੀ ਆਉਂਦੀ ਹੈ, ਇਸ ਲਈ ਸੰਪੂਰਨ ਲਾਕਡਾਊਨ ਦੀ ਬਜਾਇ ਸਾਨੂੰ ਆਪਣੀਆਂ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ।
ਲੋਕਾਂ ਨੂੰ ਅਪੀਲ ਕਰਦੇ ਹੋਏ ਸ੍ਰੀ ਦਿਆਲਨ ਨੇ ਕਿਹਾ, ”ਹਜ਼ਾਰਾਂ ਸਿਹਤ ਸੰਭਾਲ ਕਰਮਚਾਰੀਆਂ ਦੀ ਅਣਥੱਕ ਮਿਹਨਤ ਕਰਨ ਦੇ ਯਤਨਾਂ ਨੂੰ ਵਿਅਰਥ ਨਾ ਜਾਣ ਦਿਓ; ਘਰ ਰਹੋ, ਸੁਰੱਖਿਅਤ ਰਹੋ। ”