ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਅਪ੍ਰੈਲ 2021 - ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ 19 ਅਪ੍ਰੈਲ ਨੂੰ ਜਾਰੀ ਹੁਕਮਾਂ ਤਹਿਤ ਕੱਲ੍ਹ ਮਿਤੀ 25 ਅਪ੍ਰੈਲ ਦਿਨ ਐਤਵਾਰ ਨੂੰ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਲਾਕਡਾਊਨ ਰਹੇਗਾ। ਇਸ ਦਿਨ ਕੇਵਲ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲ ਸਕਣਗੀਆਂ।
ਡਿਪਟੀ ਕਮਿਸ਼ਨਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਤਹਿਤ ਐਕਵਾਰ ਨੂੰ ਸਾਰੇ ਮਾਲ, ਮਾਰਕੀਟ, ਬਾਜ਼ਾਰ, ਰੈਸਟੋਰੈਂਟ ( ਸਮੇਤ ਹੋਟਲ) ਪੂਰੀ ਤਰ੍ਹਾਂ ਬੰਦ ਰਹਿਣਗੇ ਜਦਕਿ ਜ਼ਰੂਰੀ ਸੇਵਾਵਾਂ ਜਿਵੇਂ ਕਿ ਮੈਡੀਕਲ ਸਟੋਰ, ਲੈਬੋਰੇਟਰੀ, ਗਰੌਸਰੀ ਦੀਆਂ ਦੁਕਾਨਾਂ, ਐਮ.ਆਰ.ਆਈ. ਸੈਂਟਰ, ਸੀ.ਟੀ. ਸਕੈਨਾਂ ਖੁੱਲ ਸਕਣਗੀਆਂ। ਉਨ੍ਹਾਂ ਨਾਲ ਹੀ ਸਪੱਸ਼ਟ ਕਿਹਾ ਕਿ ਮਠਿਆਈਆਂ, ਬੇਕਰੀ ਆਦਿ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਜ਼ਰੂਰੀ ਵਸਤੂ ਦੁੱਧ ਦੀ ਸਪਲਾਈ ਘਰ—ਘਰ ਜਾ ਕੇ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਹਫਤਾਵਾਰੀ ਲੱਗਣ ਵਾਲੀਆਂ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਦੂਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਇਹ ਰੋਕਾਂ ਲਾਈਆਂ ਗਈਆਂ ਹਨ, ਜਿਸ ਕਰਕੇ ਉਹ ਇਸਦੇ ਖਤਰੇ ਕਾਰਨ ਘਰਾਂ ਵਿਚ ਹੀ ਰਹਿਣ ਨੂੰ ਤਰਜ਼ੀਹ ਦੇਣ।