ਅਸ਼ੋਕ ਵਰਮਾ
ਬਠਿੰਡਾ,25ਅਪਰੈਲ2021: ਪੰਜਾਬ ਸਰਕਾਰ ਦੀ ਸਖ਼ਤੀ ਮਗਰੋਂ ਪੰਜਾਬ ਵਿੱਚ ਅੱਜ ਬਠਿੰਡਾ ’ਚ ਐਤਵਾਰੀ ਲੌਕਡਾਊਨ ਦੌਰਾਨ ਕਰਫਿਊ ਵਰਗਾ ਮਾਹੌਲ ਰਿਹਾ। ਸ਼ਹਿਰ ’ਚ ਦਵਾਈਆਂ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਕਾਰੋਬਾਰੀਆਂ ਨੇ ਅੱਜ ਬੰਦ ਰੱਖਿਆ। ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟਰੇਟ ਵੱਲੋਂ ਐਤਵਾਰ ਨੂੰ ਆਵਾਜਾਈ ਦੀ ਇਜਾਜਤ ਦੇਣ ਕਰਕੇ ਸੜਕਾਂ ਤੇ ਕਾਰਾਂ ਆਦਿ ਦਿਖਾਈ ਦਿੱਤੀਆਂ ਪਰ ਜਿਆਦਤਾਰ ਬੱਸ ਸੇਵਾ ਨਦਾਰਦ ਹੀ ਰਹੀ। ਜਰੂਰੀ ਸੇਵਾਵਾਂ ਤਹਿਤ ਆਉਣ ਵਾਲੇ ਪੈਟਰੋਲ ਪੰਪ ਖੁੱਲ੍ਹੇ ਰਹੇ ਪਰ ਆਮ ਦਿਨਾਂ ਨਾਲੋਂ ਵਿੱਥਰੀ ਘਟੀ ਹੈ। ਉਂਜ ਅੱਜ ਬਠਿੰਡਾ ਜਿਲ੍ਹੇ ’ਚ ਲੋਕਾਂ ਨੇ ਲੌਕਡਾਊਨ ਦੇ ਹੁਕਮਾਂ ’ਤੇ ਪੂਰੀ ਤਰਾਂ ਫੁੱਲ ਚੜ੍ਹਾਏ। ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਸ਼ਨਿਚਰਵਾਰ ਸ਼ਾਮ ਨੂੰ ਹੀ ਤਾਲੇ ਲੱਗ ਗਏ ਸਨ ।
ਪੁਲਿਸ ਦੀ ਬਹੁਤੀ ਤਾਇਨਾਤੀ ਨਾਂ ਹੋਣ ਦੇ ਬਾਵਜੂਦ ਦੁਕਾਨਦਾਰਾਂ ਨੇ ਘਰਾਂ ’ਚ ਰਹਿਣਾ ਮੁਨਾਸਬ ਸਮਝਿਆ ਹੈ। ਸ਼ਹਿਰ ਵਿੱਚ ਵੀ ਕਿਧਰੇ ਕੋਈ ਚਹਿਲ ਪਹਿਲ ਨਹੀਂ ਦਿਸੀ। ਲੋਕ ਜੁਰਮਾਨੇ ਦੇ ਡਰੋਂ ਮਾਸਕ ਪਾਉਣ ਲੱਗੇ ਹਨ। ਸ਼ਹਿਰ ’ਚ ਕਾਰਾਂ ਆਦਿ ਤੇ ਜਾਣ ਵਾਲਿਆਂ ਨੇ ਦੱਸਿਆ ਕਿ ਲੋਕਾਂ ’ਚ ਜਾਗਰੂਕਤਾ ਵਧੀ ਹੈ ਅਤੇ ਕੋਵਿਡ ਦੇ ਡਰੋਂ ਪ੍ਰਹੇਜ ਕਰਨ ਲੱਗੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਤਰੇ ਨੂੰ ਮਹਿਸੂਸ ਕਰਦਿਆਂ ਅਤੇ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੋ ਵੀ ਵਿਅਕਤੀ ਮਾਸਕ ਨਹੀਂ ਪਹਿਨਦਾ ਅਤੇ ਸਮਾਜਿਕ ਦੂਰੀ ਨਹੀਂ ਬਣਾਉਂਦਾ ਤਾਂ ਉਹ ਆਪਣੇ ਨਾਲ ਨਾਲ ਦੂਸਰਿਆਂ ਲਈ ਖਤਰਾ ਬਣਦਾ ਹੈ ਜੋਕਿ ਚਿੰਤਾਜਨਕ ਹੈ।
ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ--ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਕਰੋਨਾ ਵਾਇਰਸ ਸਬੰਧੀ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਤੇ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਪੁਲਿਸ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਘਰੋਂ ਬਾਹਰ ਨਿੱਕਲਣ ਵੇਲੇ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਜਿਆਦਾ ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਹੈ।