ਹੁਸ਼ਿਆਰਪੁਰ: ਲੋਕ ਐਮਰਜੈਂਸੀ ਅਤੇ ਅਤਿ ਜਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ: ਐਸ.ਐਸ.ਪੀ. ਮਾਹਲ
- ਲਾਕਡਾਊਨ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
- ਸਾਰੇ ਮਾਲ, ਮਾਰਕਿਟਾਂ, ਦੁਕਾਨਾਂ ਅਤੇ ਰੈਸਟੋਰੈਂਟ ਆਦਿ ਐਤਵਾਰ ਨੂੰ ਰਹਿਣਗੇ ਬੰਦ, ਜਰੂਰੀ ਸੇਵਾਵਾਂ ਰਹਿਣਗੀਆਂ ਬਰਕਰਾਰ
- ਪਿਛਲੇ 3 ਦਿਨਾਂ ਦੌਰਾਨ ਨਾਈਟ ਕਰਫਿਊ ਦੀ ਉਲੰਘਣਾਂ ‘ਤੇ 77 ਮਾਮਲੇ ਦਰਜ, 571 ਚਲਾਨ
ਹੁਸ਼ਿਆਰਪੁਰ, 24 ਅਪ੍ਰੈਲ 2021 - ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਦੀ ਅਪੀਲ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਜਿਲਾ ਵਾਸੀਆਂ ਨੂੰ ਤਾਕੀਦ ਕੀਤੀ ਕਿ ਐਤਵਾਰ ਨੂੰ ਸਿਰਫ ਤੇ ਸਿਰਫ ਐਮਰਜੈਂਸੀ ਅਤੇ ਅਤਿ ਜਰੂਰੀ ਕੰਮਾਂ ਲਈ ਹੀ ਲੋਕ ਘਰਾਂ ਤੋਂ ਬਾਹਰ ਆਉਣ ਤਾਂ ਜੋ ਵਾਇਰਸ ਦੀ ਅਸਰਦਾਰ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕੇ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਐਤਵਾਰ ਨੂੰ ਸਾਰੇ ਮਾਲ, ਮਾਰਕਿਟਾਂ, ਰੈਸਟੋਰੈਂਟ, ਹੋਟਲ ਆਦਿ ਮੁਕੰਮਲ ਬੰਦ ਰਹਿਣਗੇ ਇਨਾਂ ਹਦਾਇਤਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਅਤੇ ਅਤਿ ਜਰੂਰੀ ਹਾਲਾਤ ਤੋਂ ਬਿਨਾਂ ਬਾਹਰ ਘੁੰਮਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਐਸ.ਪੀਜ਼ ਅਤੇ ਡੀ.ਐਸ.ਪੀਜ਼ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ‘ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਹਦਾਇਤਾਂ ਨੂੰ ਪੂਰਨ ਤੌਰ ‘ਤੇ ਲਾਗੂ ਕਰਵਾਇਆ ਜਾ ਸਕੇ।
ਪਿਛਲੇ 3 ਦਿਨਾਂ ਦੌਰਾਨ ਨਾਈਟ ਕਰਫਿਊ ਅਤੇ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ ਕੀਤੀ ਕਾਰਵਾਈ ਸਬੰਧੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਿਲੇ ਵਿਚ ਨਾਈਟ ਕਰਫਿਊ ਦੀ ਉਲੰਘਣਾ ‘ਤੇ 77 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਮਾਸਕ ਨਾ ਪਹਿਨਣ ਦੇ 571 ਚਲਾਨ ਕੀਤੇ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਿਹਤ ਸੰਕਟ ਅਤੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਮਾਸਕ ਪਹਿਨਣ, ਇਕ-ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਤੋਂ ਇਲਾਵਾ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਕੀਤੀ ਜਾਵੇ।